ਰੋਹਿਤ ਸ਼ਰਮਾ ਨੇ ਭਲੇ ਹੀ ਟੀਮ ਦੇ ਹਿੱਤ ਵਿਚ ਖ਼ੁਦ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਪਰ ਨਵੇਂ ਸਾਲ ਵਿਚ ਵੀ ਭਾਰਤੀ ਬੱਲੇਬਾਜ਼ਾਂ ਦਾ ਹਾਲ ਨਹੀਂ ਬਦਲਿਆ ਅਤੇ ਆਸਟ੍ਰੇਲੀਆਂ ਖ਼ਿਲਾਫ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਸ਼ੁਕਰਵਾਰ ਨੂੰ ਪੂਰੀ ਟੀਮ 185 ਦੌੜਾਂ ਉਤੇ ਆਊਟ ਹੋ ਗਈ। ਖ਼ਰਾਬ ਫਾਰਮ ਅਤੇ ਤਕਨੀਕੀ ਕਮਜ਼ੋਰੀਆਂ ਨਾਲ ਜੂਝ ਰਹੇ ਵਿਰਾਟ ਕੋਹਲੀ 69 ਗੇਂਦਾਂ ‘ਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਅਤੇ ਇੱਥੇ ਵੀ ਉਸ ਨੇ ਆਸਾਨੀ ਨਾਲ ਆਪਣਾ ਵਿਕਟ ਗੁਆ ਦਿਤਾ।ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ ਇਕ ਵਿਕਟ ‘ਤੇ ਨੌਂ ਦੌੜਾਂ ਬਣਾ ਲਈਆਂ ਸਨ।
ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਖ਼ਰਾਬ ਫਾਰਮ ਨਾਲ ਜੂਝ ਰਹੇ ਉਸਮਾਨ ਖ਼ਵਾਜਾ (ਦੋ) ਨੂੰ ਪੈਵੇਲੀਅਨ ਭੇਜਿਆ। ਨੌਜਵਾਨ ਸੈਮ ਕਾਨਸਟਾਸ 7 ਦੌੜਾਂ ਬਣਾ ਕੇ ਖੇਡ ਰਿਹਾ ਸੀ ਅਤੇ ਪਹਿਲੀ ਗੇਂਦ ‘ਤੇ ਬੁਮਰਾਹ ਨੂੰ ਚੌਕਾ ਜੜ ਦਿਤਾ। ਬੁਮਰਾਹ ਅਤੇ ਕਾਨਸਟਾਸ ਵਿਚਕਾਰ ਹਲਕੀ ਬਹਿਸ ਵੀ ਹੋਈ।ਇਸ ਤੋਂ ਪਹਿਲਾਂ ਬੁਮਰਾਹ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਰੱਖਿਆਤਮਕ ਤਰੀਕੇ ਨਾਲ ਖੇਡਣ ਦਾ ਨਤੀਜਾ ਭੁਗਤਣਾ ਪਿਆ।ਆਸਟਰੇਲੀਆ ਲਈ ਸਕਾਟ ਬੋਲੈਂਡ ਨੇ 20 ਓਵਰਾਂ ਵਿਚ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ 18 ਓਵਰਾਂ ਵਿਚ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕਪਤਾਨ ਪੈਟ ਕਮਿੰਸ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਰੋਹਿਤ ਦਾ ਮੈਚ ਤੋਂ ਬਾਹਰ ਰਹਿਣ ਦਾ ਫ਼ੈਸਲਾ ਜਿਥੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ, ਉਥੇ ਹੀ ਲਗਾਤਾਰ ਖ਼ਰਾਬ ਖੇਡ ਰਹੇ ਕੋਹਲੀ ਨੂੰ ਟੀਮ ਵਿਚ ਬਣਾਏ ਰੱਖਣ ਦਾ ਕਾਰਨ ਸਮਝ ਵਿਚ ਨਹੀਂ ਆਇਆ। ਕੋਹਲੀ ਕੋਲ ਰਵਾਇਤੀ ਫ਼ਾਰਮੈਟ ਦੀ ਟੀਮ ਵਿਚ ਆਪਣੀ ਜਗ੍ਹਾਂ ਬਣਾਏ ਰੱਖਣ ਲਈ ਹੁਣ ਬਸ ਇੱਕ ਪਾਰੀ ਬਚੀ ਹੈਜੇਕਰ ਪਰਥ ਟੈਸਟ ਦੇ ਸੈਂਕੜੇ ਨੂੰ ਛੱਡ ਦਿਤਾ ਜਾਵੇ ਤਾਂ ਕੋਹਲੀ ਨੇ ਪਿਛਲੀਆਂ 20 ਟੈਸਟ ਪਾਰੀਆਂ ਵਿਚ ਸਿਰਫ਼ 17.57 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਕੋਹਲੀ ਪਹਿਲੀ ਹੀ ਗੇਂਦ ‘ਤੇ ਆਊਟ ਹੋਣ ਤੋਂ ਬਚ ਗਏ ਪਰ ਇਸ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਸਕਾਟ ਬੋਲੈਂਡ ਨੇ ਹੀ ਉਸ ਨੂੰ ਆਊਟ ਕਰ ਦਿਤਾ।ਰਿਸ਼ਭ ਪੰਤ ਨੇ ਮੈਚ ਦੀਆਂ ਸਥਿਤੀਆਂ ਮੁਤਾਬਕ ਖੇਡਿਆ ਅਤੇ ਜੋਖ਼ਮ ਲੈਣ ਤੋਂ ਬਚਿਆ। ਮੈਲਬੌਰਨ ‘ਚ ਗ਼ੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਪਣਾ ਵਿਕਟ ਗੁਆਉਣ ਵਾਲੇ ਪੰਤ ਨੇ ਕਈ ਝਟਕੇ ਝੱਲੇ ਅਤੇ ਪੂਰਾ ਦੂਜਾ ਸੈਸ਼ਨ ਬਿਤਾਇਆ।
ਉਸ ਨੇ ਬੀਓ ਵੈਬਸਟਰ ‘ਤੇ ਸਿੱਧਾ ਛੱਕਾ ਮਾਰਿਆ ਪਰ ਉਸ ਨੂੰ ਦੋ ਵਾਰ ਬਾਹਾਂ, ਹੈਲਮੇਟ ਅਤੇ ਪੇਟ ‘ਤੇ ਵੀ ਗੇਂਦ ਲੱਗੀਉਸ ਨੇ ਰਵਿੰਦਰ ਜਡੇਜਾ (95 ਗੇਂਦਾਂ ਵਿੱਚ 26 ਦੌੜਾਂ) ਨਾਲ ਪੰਜਵੀਂ ਵਿਕਟ ਲਈ 151 ਗੇਂਦਾਂ ਵਿਚ 48 ਦੌੜਾਂ ਜੋੜੀਆਂ। ਪਹਿਲੇ ਸੈਸ਼ਨ ਵਿਚ 25 ਓਵਰਾਂ ਵਿਚ ਸਿਰਫ਼ 50 ਦੌੜਾਂ ਹੀ ਬਣੀਆਂ। ਆਖ਼ਰਕਾਰ ਪੰਤ ਨੇ ਆਪਣਾ ਹੌਸਲਾ ਗੁਆ ਦਿਤਾ ਅਤੇ ਇੱਕ ਪੂਲ ਸ਼ਾਟ ਨੇ ਉਸ ਦੀ ਵਿਕਟ ਲੈ ਲਈ।ਭਾਰਤੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕੇ ਅਤੇ ਵਿਕਟਾਂ ਡਿੱਗਦੀਆਂ ਰਹੀਆਂ। ਦੂਜੇ ਸੀਜ਼ਨ ਵਿਚ ਬਹੁਤ ਜ਼ਿਆਦਾ ਰੱਖਿਆਤਮਕ ਖੇਡਣਾ ਮਹਿੰਗਾ ਸਾਬਤ ਹੋਇਆ ਕਿਉਂਕਿ ਗੇਂਦ ਪੁਰਾਣੀ ਸੀ ਅਤੇ ਸਵਿੰਗ ਉਪਲਬਧ ਨਹੀਂ ਸੀ।ਪੰਤ ਨੇ ਅਨੁਸ਼ਾਸਿਤ ਪ੍ਰਦਰਸ਼ਨ ਕਰਦੇ ਹੋਏ ਗਿੱਲ (64 ਗੇਂਦਾਂ ‘ਚ 20 ਦੌੜਾਂ) ਨੇ ਬਹਾਦਰੀ ਨਾਲ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲੇ ਸੈਸ਼ਨ ਦੀ ਆਖ਼ਰੀ ਗੇਂਦ ‘ਤੇ ਲਿਓਨ ਨੂੰ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪਹਿਲੀ ਸਲਿਪ ‘ਤੇ ਕੈਚ ਹੋ ਗਏ।ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਪਹਿਲੇ ਘੰਟੇ ਵਿਚ ਹੀ ਆਊਟ ਹੋ ਗਏ।
ਇਸ ਤੋਂ ਪਹਿਲਾਂ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਰਾਹੁਲ ਚੰਗੀ ਗੇਂਦਾਂ ਨੂੰ ਛੱਡ ਕੇ ਬੱਲੇਬਾਜ਼ੀ ਕਰ ਰਿਹਾ ਸੀ ਪਰ ਮਿਸ਼ੇਲ ਸਟਾਰਕ ਦੀ ਇਕ ਗੇਂਦ ਨੇ ਉਸ ਨੂੰ ਲੁਭਾਇਆ ਅਤੇ ਉਹ ਸਕੁਏਅਰ ਲੇਗ ‘ਤੇ ਸੈਮ ਕਾਨਸਟਾਸ ਦੇ ਹੱਥੋਂ ਕੈਚ ਹੋ ਗਿਆ।ਜੈਸਵਾਲ (10) ਨੇ ਆਨ-ਡ੍ਰਾਈਵ ਨਾਲ ਸ਼ੁਰੂਆਤ ਕੀਤੀ। ਉਹ ਆਪਣਾ ਪਹਿਲਾ ਟੈਸਟ ਖੇਡ ਰਹੇ ਬੀਊ ਵੈਬਸਟਰ ਦੇ ਹੱਥੋਂ ਸਕਾਟ ਬੋਲੈਂਡ ਦੀ ਗੇਂਦ ‘ਤੇ ਸਲਿੱਪ ‘ਚ ਕੈਚ ਹੋ ਗਿਆ।ਕੋਹਲੀ ਦੇ ਆਉਣ ‘ਤੇ ਦਰਸ਼ਕਾਂ ਨੇ ਇਕ ਵਾਰ ਫਿਰ ਤਾੜੀਆਂ ਮਾਰੀਆਂ। ਉਹ ਬੋਲੈਂਡ ਦੀ ਗੇਂਦਬਾਜ਼ੀ ‘ਤੇ ਆਊਟ ਹੋਣ ਤੋਂ ਬਚ ਗਿਆ।
ਉਸ ਨੇ ਮਿਡ-ਆਫ ਵੱਲ ਇੱਕ ਸ਼ਾਟ ਖੇਡਿਆ ਅਤੇ ਸਟੀਵ ਸਮਿਥ ਨੂੰ ਯਕੀਨ ਸੀ ਕਿ ਗੇਂਦ ਘਾਹ ਨੂੰ ਛੂਹਣ ਤੋਂ ਪਹਿਲਾਂ ਉਸ ਨੇ ਕੈਚ ਲੈ ਲਿਆ ਸੀ ਪਰ ਰੀਪਲੇਅ ਨੇ ਦਿਖਾਇਆ ਕਿ ਗੇਂਦ ਜ਼ਮੀਨ ਨੂੰ ਛੂਹ ਗਈ ਸੀ, ਇਸ ਲਈ ਕੋਹਲੀ ਖ਼ੁਸ਼ਕਿਸਮਤ ਸੀ। ਹਾਲਾਂਕਿ ਉਹ 17 ਦੌੜਾਂ ਬਣਾ ਕੇ ਬੋਲੈਂਡ ਦਾ ਸ਼ਿਕਾਰ ਬਣ ਗਏ।