ਅੱਜ 31ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚੇ ਉੱਪਰ ਮਰਨ ਵਰਤ ਜਾਰੀ ਹੈ, ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ 88/59 ਹੈ ਜੋ ਕਿ ਬਹੁਤ ਘੱਟ ਹੈ। ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਕੱਲ੍ਹ ਸ਼ਾਮ ਤੋਂ ਪਾਣੀ ਵੀ ਨਹੀਂ ਪੀਤਾ, ਕਿਉਂਕਿ ਉਸ ਨੂੰ ਪਾਣੀ ਪੀਣ ਤੋਂ ਬਾਅਦ ਉਲਟੀਆਂ ਆ ਰਹੀਆ ਹਨ ਅਤੇ ਉਹਨਾਂ ਦੀ ਪਲਸ ਅਤੇ ਰੋਗਾਂ ਨਾਲ ਲੜਨ ਦੀ ਅੰਦਰੂਨੀ ਰੋਗ ਤਾਕਤ (ਪ੍ਰਤੀਰੋਧਕ ਸ਼ਕਤੀ) ਬਹੁਤ ਕਮਜ਼ੋਰ ਹੋ ਗਈ ਹੈ।ਜ਼ਿਕਰਯੋਗ ਹੈ ਕਿ 30 ਦਸੰਬਰ ਦੇ “ਪੰਜਾਬ ਬੰਦ” ਦੇ ਪ੍ਰੋਗਰਾਮ ਦੀ ਤਿਆਰੀ ਲਈ ਅੱਜ ਵਪਾਰਕ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਦੋਵਾਂ ਮੋਰਚਿਆਂ ਦੇ ਆਗੂਆਂ ਦੀ ਮੀਟਿੰਗ ਖਨੌਰੀ ਮੋਰਚੇ ਉੱਪਰ ਹੋਈ ਹੈ।
ਜਿਸ ’ਚ ਸਮੂਹ ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਅਤੇ 30 ਦਸੰਬਰ ਦੇ ਪ੍ਰੋਗਰਾਮ ਦੀ ਤਿਆਰੀ ਲਈ ਭਲਕੇ ਬਾਅਦ ਦੁਪਹਿਰ 3 ਵਜੇ ਜ਼ਿਲ੍ਹਾ ਪੱਧਰ ‘ਤੇ ਵਪਾਰਕ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਦੋਵੇਂ ਮੋਰਚਿਆਂ ਦੀ ਮੀਟਿੰਗ ਹੋਵੇਗੀ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ’ਚ ਦੇਸ਼ ਭਰ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ 10 ਤੋਂ ਸ਼ਾਮ 4 ਵਜੇ ਤੱਕ ਸੰਕੇਤਿਕ ਭੁੱਖ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ।


