ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਉਹਨਾਂ ਗਿਲਾਸਾਂ ਦੇ ਦਰਸ਼ਨ ਕਰਕੇ ਧੰਨ ਹੋਈ ਜਿਨਾਂ ’ਚ ਧੰਨ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਿਹ ਸਿੰਘ ਬਾਬਾ ਜ਼ੋਰਾਵਰ ਨੂੰ ਕੜਾਕੇ ਦੀ ਠੰਢ ’ਚ ਠੰਢੇ ਬੁਰਜ ’ਚ ਗਰਮ-ਗਰਮ ਦੁੱਧ ਛਕਾਉਣ ਦੀ ਸੇਵਾ ਨਿਭਾਈ ਗਈ ਸੀ।
ਇਸ ਮੌਕੇ ਬਲਦੇਵ ਸਿੰਘ ਪ੍ਰਬੰਧਕ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਸਾਹਿਬ ਨੇ ਦੱਸਿਆ ਕਿ ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਮੋਰਿੰਡਾ ਤੋਂ ਗੰਗੂ ਬ੍ਰਾਹਮਣ ਦੀ ਚੁਗਲੀ ਤੋਂ ਬਾਅਦ ਮੁਗਲ ਕੋਤਵਾਲ ਜਾਨੀ ਖ਼ਾਂ, ਮਾਨੀ ਖ਼ਾਂ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡਾ ਵਿਖੇ ਇੱਕ ਰਾਤ ਕੋਤਵਾਲੀ ਵਿਖੇ ਰੱਖਿਆ ਗਿਆ। ਜਿੱਥੇ ਹੁਣ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ, ਇਸਠੰਢੇ ਬੁਰਜ ਵਿਚ ਹੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ।
ਜਿੱਥੇ ਉਨ੍ਹਾਂ ਦੀ ਸ਼ਹਾਦਤ ਤੋਂ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਕੜਾਕੇ ਦੀ ਠੰਢ ਨੂੰ ਦੇਖਦਿਆਂ ਗਰਮ ਦੁੱਧ ਪਿਲਾਇਆ ਗਿਆ ਸੀ ਅਤੇ ਇਸੇ ਦੋਸ਼ ਤਹਿਤ ਸੂਬਾ ਸਰਹੰਦ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਦੱਸਣਯੋਗ ਹੈ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਵੱਖ-ਵੱਖ ਥਾਵਾਂ ਤੋਂ ਸ਼ਹੀਦੀ ਜੋੜ ਮੇਲ ਆਯੋਜਿਤ ਹੋਣ ਉਪਰੰਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸ਼ਹੀਦੀ ਜੋੜ ਮੇਲ ਮੌਕੇ ਧਾਰਮਿਕ ਸਮਾਗਮ ਸਜਾਏ ਜਾਂਦੇ ਹਨ। ਜਿੱਥੇ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੀਆਂ ਹਨ।