ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਕਈ ਅਕਾਲੀ ਆਗੂਆਂ ਨੂੰ ਤਨਖ਼ਾਈਆ ਕਰਾਰ ਦਿਤੇ ਜਾਣ ਤੋਂ ਬਾਅਦ ਹੋਏ ਦੋ ਘਟਨਾਕ੍ਰਮ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਵੇਂ ਗਿਆਨੀ ਹਰਪ੍ਰੀਤ ਸਿੰਘ ਤੇ ਐਸ.ਜੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਕੁੱਝ ਅਪਸ਼ਬਦ ਬੋਲੇ ਸਨ। ਜਿਨ੍ਹਾਂ ਨੇ ਇਕ ਚਿੱਠੀ ’ਚ ਅਪਣੀ ਗ਼ਲਤੀ ਵੀ ਮਨ ਲਈ ਗਈ ਹੈ ਤੇ ਉਹ ਮਹਿਲਾ ਕਮਿਸ਼ਨ ਅੱਗੇ ਵੀ ਪੇਸ਼ ਹੋਏ ਸਨ। ਇਹ ਪਹਿਲੀ ਵਾਰ ਹੋਇਆ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ ਹੋਣ।
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ਼ ਕਮੇਟੀ ਦੀ ਮੀਟਿੰਗ ’ਚ ਲਏ ਗਏ ਫ਼ੈਸਲੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨਾਂ ਲਈ ਚਾਰਜ ਵਾਪਸ ਲੈ ਲਿਆ ਗਿਆ ਹੈ। ਸਿੱਖ ਬੁੱਧੀਜੀਵੀ ਰਜਿੰਦਰ ਸਿੰਘ ਖ਼ਾਲਸਾ ਨੇ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਅਸੀਂ ਐਸਜੀਪੀਸੀ ਪ੍ਰਧਾਨ ਧਾਮੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਨੇ ਮਾਮਲਿਆਂ ਵਿਚ ਇਕ ਗੱਲ ਸਾਂਝੀ ਹੈ। ਜਿਸ ਤਰ੍ਹਾਂ ਪ੍ਰਧਾਨ ਧਾਮੀ ਨੇ ਬੀਬੀ ਜਗੀਰ ਕੌਰ ਲਈ ਅਪਸ਼ਬਦ ਵਰਤੇ ਹਨ ਤੇ ਇਸੇ ਤਰ੍ਹਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੁੱਝ ਅਪਸ਼ਬਦ ਵਰਤੇ ਹਨ।ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਆਮ ਲੋਕਾਂ ਵਾਂਗ ਨਹੀਂ ਦੇਖ ਸਕਦੇ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਜਿਹੜੀਆਂ ਧਾਰਮਕ ਸੰਸਥਾਵਾਂ ਹਨ ਇਹ ਉਨ੍ਹਾਂ ਵਿਚ ਉੱਚੇ ਅਹੁਦਿਆਂ ’ਤੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਧਾਮੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਅਹੁਦਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਹਰ ਬੋਲ ਵਿਚ ਗੁਰਮਤ ਝਲਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਦੇ ਬੋਲਣ ਵਿਚ ਨਾ ਤਾਂ ਮਿਠਾਸ ਹੈ ਤੇ ਨਾ ਹੀ ਨਿਮਰਤਾ ਨਜ਼ਰ ਆਉਂਦੀ ਹੈ ਸਿਰਫ਼ ਹੰਕਾਰ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲਗਦਾ।
ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਤਾਂ ਮੁਆਫ਼ੀ ਮੰਗ ਲਈ ਪਰ ਹਰਪ੍ਰੀਤ ਸਿੰਘ ਨੇ ਮੁਆਫ਼ੀ ਨਹੀਂ ਮੰਗੀ ਉਹ ਤਾਂ ਕਹਿੰਦੇ ਹਨ ਕਿ ਇਹ ਸਾਡਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਜੇ ਇਹ ਤੁਹਾਡਾ ਸੁਭਾਅ ਹੈ ਤੇ ਤੁਸੀਂ ਜਥੇਦਾਰ ਦੇ ਅਹੁਦੇ ਉੱਤੇ ਬੈਠੇ ਹੋ ਤਾਂ ਇਹ ਸਾਰੀ ਸਿੱਖ ਕੌਮ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਗੁਰਸਿੱਖ ਦਾ ਆਚਰਣ ਹੋਣਾ ਚਾਹੀਦਾ ਹੈ ਜਾਂ ਗੁਰਸਿੱਖ ਦੇ ਸ਼ਬਦ ਹੋਣੇ ਚਾਹੀਦੇ ਹਨ ਮੈਨੂੰ ਹਰਪ੍ਰੀਤ ਸਿੰਘ ਵਿਚ ਨਜ਼ਰ ਨਹੀਂ ਆਇਆ, ਇਹ ਬਹੁਤ ਦੁਖਦਾਈ ਗੱਲ ਹੈ।
ਉਨ੍ਹਾਂ ਕਿਹਾ ਕਿ ਜੋ ਫ਼ੈਸਲਾ ਇਨ੍ਹਾਂ ਜਥੇਦਾਰਾਂ ਵਲੋਂ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਵਿਰੁਧ ਤਾਂ ਇਹ ਨਜ਼ਰ ਆਉਂਦਾ ਸੀ ਕਿ ਅਕਾਲੀ ਲੀਡਰਾਂ ਨੂੰ ਹਜ਼ਮ ਨਹੀਂ ਹੋਣਾ।ਉਨ੍ਹਾਂ ਕਿਹਾ ਕਿ ਜੇ ਸੇਵਾ ਕਰ ਕੇ ਲੀਡਰੀ ਵਾਪਸ ਮਿਲਦੀ ਹੈ ਤਾਂ ਉਸ ਵਿਚ ਕੀ ਸਮਸਿਆ ਹੈ ਪਰ ਜਿਹੜੀ ਜਥੇਦਾਰਾਂ ਨੇ ਇਹ ਸ਼ਰਤ ਲਗਾ ਦਿਤੀ ਕਿ ਤਿੰਨ ਦਿਨਾਂ ਵਿਚ ਇਨ੍ਹਾਂ ਦੇ ਅਸਤੀਫ਼ੇ ਪਰਵਾਨ ਕਰੋ, ਕੁੱਝ ਸ਼ਬਦ ਵੀ ਕਰੜੇ ਬੋਲ ਦਿਤੇ, ਹੁਣ ਜਿਹੜੇ ਕਰੜੇ ਸ਼ਬਦ ਬੋਲੇ ਜਾਂ ਜਿਹੜਾ ਫ਼ੈਸਲਾ ਹੋਇਆ ਭਾਵੇਂ ਉਹ ਅਕਾਲ ਤਖ਼ਤ ਜਾਂ ਹੋਰ ਜਥੇਦਾਰਾਂ ਦਾ ਸੀ ਪਰ ਉਹ ਹਰਪ੍ਰੀਤ ਸਿੰਘ ਕੋਲੋਂ ਬੁਲਵਾਏ ਗਏ ਤਾਂ ਇਹ ਪਤਾ ਹੀ ਸੀ ਕਿ ਹਰਪ੍ਰੀਤ ਸਿੰਘ ’ਤੇ ਕਾਰਵਾਈ ਹੋਣੀ ਹੈ। ਉਨ੍ਹਾਂ ਕਿਹਾ ਕਿ ਜੇ ਹਰਪ੍ਰੀਤ ਸਿੰਘ ’ਤੇ ਇਲਜ਼ਾਮ ਲੱਗੇ ਹਨ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਿਚ ਇਕ ਬਹੁਤ ਵੱਡਾ ਸਵਾਲ ਹੈ ਕਿ ਜੋ ਇਲਜ਼ਾਮ ਲਗਾਉਣ ਵਾਲਾ ਹੈ ਉਸ ਦਾ ਕੀ ਕਿਰਦਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਾਂ ਲਈ ਤਨਖ਼ਾਹਾਂ ਲਗਵਾ ਲੈਣੀਆਂ ਤੇ ਸੇਵਾ ਕਰ ਲੈਣੀਆਂ ਇਹ ਨਵੀਂ ਗੱਲ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਪਿਛਲਾ ਇਤਿਹਾਸ ਦੇਖ ਲਵੋ ਇਹ ਇਹੋ ਕੁੱਝ ਕਰਦੇ ਆਏ ਹਨ। ਪਹਿਲਾਂ ਗ਼ਲਤੀਆਂ ਕਰ ਲੈਣੀਆਂ ਫਿਰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਗਏ ਤੇ ਸੇਵਾ ਕਰ ਕੇ ਆਪਣੀਆਂ ਤਨਖ਼ਾਹਾਂ ਲਗਵਾ ਲਈਆਂ ਤੇ ਕੁਰਸੀ ਬਚਾਅ ਲਈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਜਾਂ ਭਾਂਡੇ ਮਾਂਜ ਕੇ ਸਾਨੂੰ ਸੱਤਾ ਮਿਲਦੀ ਹੈ ਤਾਂ ਇਹ ਕੁੱਝ ਵੀ ਕਰਨ ਲਈ ਤਿਆਰ ਹਨ।ਉਨ੍ਹਾਂ ਕਿਹਾ ਕਿ ਜੋ ਵਿਅਕਤੀ ਹਰਪ੍ਰੀਤ ਸਿੰਘ ਬਾਰੇ ਬੋਲ ਰਿਹਾ ਹੈ ਉਹ ਉਦੋਂ ਕਿਉਂ ਨਹੀਂ ਬੁਲਿਆ ਜਦੋਂ ਹਰਪ੍ਰੀਤ ਸਿੰਘ ਅਕਾਲ ਤਖ਼ਤ ਜਾਂ ਸ੍ਰੀ ਦਮਦਮਾਂ ਸਾਹਿਬ ਦਾ ਜਥੇਦਾਰ ਬਣਿਆ ਸੀ, ਇਹ ਹੁਣ ਕਿਉਂ ਬੋਲਿਆ ਕਿਉਂ ਕਿ ਇਸ ਨੂੰ ਲੱਭ ਕੇ ਲਿਆਂਦਾ ਗਿਆ, ਉਸ ਤੋਂ ਬੁਲਵਾਇਆ ਗਿਆ ਹੈ ਤਾਂ ਜੋ ਇਸ ਵਿਅਕਤੀ ਨੂੰ ਹਰਪ੍ਰੀਤ ਸਿੰਘ ਵਿਰੁਧ ਵਰਤਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣਾ ਮਹਿਲਾਵਾਂ ਵਿਰੁਧ ਬੋਲਣਾ ਨਹੀਂ ਹੈ। ਉਨ੍ਹਾਂ ਇਸ ਲਈ ਅਪਸ਼ਬਦ ਬੋਲੇ ਕਿਉਂ ਕਿ ਉਹ ਵਿਰੋਧੀ ਧੜੇ ਦੀ ਹੈ, ਇਹ ਇਕ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਜਗੀਰ ਕੌਰ ਦੀ ਜਗ੍ਹਾਂ ਜੇ ਕੋਈ ਪੁਰਸ਼ ਵੀ ਹੁੰਦਾ ਜਿਹੜੇ ਪਹਿਲਾਂ ਐਸਜੀਪੀਸੀ ਦਾ ਪ੍ਰਧਾਨ ਰਿਹਾ ਹੁੰਦਾ ਤਾਂ ਹਰਜਿੰਦਰ ਸਿੰਘ ਧਾਮੀ ਨੇ ਉਸ ਨੂੰ ਇਸੇ ਤਰ੍ਹਾਂ ਹੀ ਬੋਲਣਾ ਸੀ ਕਿਉਂ ਕਿ ਰਾਜਨੀਤੀ ਵਿਚ ਚਾਹੇ ਮਹਿਲਾ ਹੋਵੇ ਜਾਂ ਪੁਰਸ਼ ਉਸ ਦੀ ਥਾਂ ਇਕ ਹੈ।