ਜਗਰਾਉਂ:7 ਦਸੰਬਰ(ਲਾਲੀ ਰਾਊਵਾਲ)ਇਹ ਪੁਸਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਹੈ, ਜੋ ਕਿ ਸੀਟੀ ਗਰੁੱਪ ਆਫ਼ ਇੰਸੀਟੀਊਸ਼ਨ, ਸੀਟੀ ਯੂਨੀਵਰਸਿਟੀ ਦੇ ਵਿਸ਼ੇਸ਼ ਸਹਿਯੋਗ ਅਤੇ ਪ੍ਰੋ. ਸੰਦੀਪ ਕੁਮਾਰ ਸਾਂਪਲਾ ਵੱਲੋਂ ਸੰਪਾਦਿਤ ਕੀਤਾ ਗਿਆ ਹੈ।ਸਤਿਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੁਆਰਾ ਅਵਤਰਿਤ ਗੁਰਬਾਣੀ ਦੇ ਮੁਖ ਤੋਰ ‘ਤੇ ਹੋਏ ਅਧਿਐਨ ਸਾਹਿਤਕ ਅਤੇ ਇਤਿਹਾਸਿਕ ਪ੍ਰਕ੍ਰਿਤੀ ਵਾਲੇ ਹਨ।
ਇਹਨਾਂ ਅਧਿਐਨਾਂ ਵਿਚ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਇਤਿਹਾਸਕ ਪੜਚੋਲ ਸੰਬੰਧੀ ਹੋਏ ਕਾਰਜ ਬਹੁਤਾਤ ਕਾਰਜਾਂ ਵਿਚ ਹਨ ਅਤੇ ਗੁਰਬਾਣੀ ਸੰਬੰਧਾਂ ਹੋਏ ਕਾਰਜਾਂ ਵਿਚ ਸਾਹਿਤਕ ਪ੍ਰਵਰਗਾਂ ਨੂੰ ਉਭਾਰਣ ਵਾਲੇ ਕਾਰਜ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਪ੍ਰਾਪਤ ਕਾਰਜਾਂ ਵਿਚ ਸੰਗੀਤ ਦੇ ਅਨੁਸ਼ਾਸਨ ਰਾਹੀਂ ਕੀਤੇ ਕੁਝ ਕਾਰਜ ਵੀ ਹਨ, ਪਰ ਵੱਖ-ਵੱਖ ਅਨੁਸਾਸ਼ਨਾਂ ਦੀਆਂ ਸਮਰਥ ਪਹੁੰਚ ਵਿਧੀਆਂ ਰਾਹੀਂ ਕੀਤੇ ਕਾਰਜਾਂ ਦੀ ਅਣਜੋਂਦ ਹੈ।
ਇਤਿਹਾਸ ਅਤੇ ਸ਼ਹਾਦਤ ਦੇ ਸਿਧਾਂਤਕ ਮਿਆਰ ਆਪਣੀਆਂ ਵੱਖੋ-ਵੱਖਰੀਆਂ ਦਿਸ਼ਾਵਾਂ ਅੰਦਰ ਕਾਰਜਸ਼ੀਲ ਰਹਿੰਦੇ ਹਨ।ਪੰਜਾਬ ਅਤੇ ਪੰਜਾਬੀਅਤ ਵਿਚ ਸ਼ਹਾਦਤ ਦਾ ਸੰਕਲਪ ਇੱਥੋਂ ਦੇ ਧਾਰਮਿਕ ਸਰੋਤਾਂ ਵਿਚੋਂ ਦੀ ਪਨਪਦਾ ਹੋਇਆ, ਵਿਸ਼ਵ ਵਿਚ ਆਪਣਾ ਪ੍ਰਸਾਰ ਕਰਦਾ ਹੈ।ਜਦੋਂ ਇਹ ਸੰਕਲਪ ਧਾਰਮਿਕ ਸਰੋਤਾਂ ਦੇ ਜ਼ਰੀਏ ਆਪਣਾ ਪ੍ਰਸਾਰ ਕਰਦਾ ਹੈ, ਤਾਂ ਪੰਜਾਬ ਅਤੇ ਪੰਜਾਬੀਅਤ ਨੇ ਇਸ ਸੰਕਲਪ ਨੂੰ ਇੱਕ ਵਿਲੱਖਣ ਨੁਕਤੇ ਅਤੇ ਅਦਭੁਤ ਸ਼ਕਤੀ ਨਾਲ ਗ੍ਰਹਿਣ ਕੀਤਾ।ਸਿੱਖ ਚਿੰਤਨ ਵਿਚ ਸ਼ਹਾਦਤ ਅਜਿਹਾ ਗਿਆਨਮਈ ਵਰਤਾਰਾ ਹੈ।ਜਿਸ ਦੇ ਅਨੁਸ਼ਾਸਨ ਵਿਚ ਧਰਤੀ ਦੇ ਕੁੱਲ ਨਿਯਮ ਆਪਣੀ ਸਮੁੱਚਤਾ ਸੰਗ ਮੌਲਦੇ ਹਨ।
ਪੰਜਵੀਂ ਪਾਤਸ਼ਾਹੀ ਦਾ ਤੱਤੀ ਤਵੀ ‘ਤੇ ਬੈਠ ਜਾਣਾ ਤੇ ਉੱਤੋਂ ਸੀ ਵਾ ਨਾ ਕਰਨਾ, ਨੌਵੀਂ ਪਾਤਸ਼ਾਹੀ ਦਾ ਕਸ਼ਮੀਰੀ ਪੰਡਿਤਾਂ ਦੇ ਲਈ ਆਪਣਾ ਸੀਸ ਕੁਰਬਾਨ ਕਰ ਦੇਣਾ, ਇਨ੍ਹਾਂ ਸ਼ਹਾਦਤਾਂ ਤੋਂ ਸਿੱਖਾਂ ਨੇ ਅਜ਼ੀਮ ਪ੍ਰੇਰਨਾ ਨੂੰ ਹਾਸਿਲ ਕੀਤਾ ਹੈ।ਇਸ ਪ੍ਰੇਰਨਾ ਨੂੰ ਅਸੀਂ ਪੰਜਾਬ ਦੀ ਹਰ ਰੂਹ ਵਿਚ ਦੇਖ ਸਕਦੇ ਹਾਂ, ਅਤੇ ਇਹ ਰੂਹਾਂ ਜਿੱਥੇ ਵੀ ਜਾਂਦੀਆਂ ਹਨ, ਆਪਣੀ ਪਰੰਪਰਾ, ਸਭਿਅਤਾ, ਗੌਰਵ, ਚਿੰਤਨ ਅਤੇ ਗਿਆਨਮਈ ਵਰਤਾਰੇ ਨੂੰ ਨਾਲ ਲੈ ਕੇ ਜਾਂਦੀਆਂ ਹਨ।ਆਪਣੀ ਇਸ ਪਰੰਪਰਾ ਦੀ ਰੰਗਤ ਉਸ ਚੌਗਿਰਦੇ ਦੀ ਖ਼ਲਕਤ ਵਿਚ ਮਿਲਾ ਦਿੰਦੇ ਹਨ।ਸ਼ਹਾਦਤ ਦੀ ਪੰਜਾਬ ਅਤੇ ਪੰਜਾਬੀਅਤ ਨੂੰ ਕੀ ਦੇਣ ਹੈ?
ਕਿਵੇਂ ਇਹ ਪੰਜਾਬੀਅਤ ਸ਼ਹਾਦਤ ਪ੍ਰਾਪਤ ਕਰਨ ਵਿਚ ਸਮਰੱਥ ਰਹਿੰਦੀ ਹੈ? ਇਸ ਪੁਸਤਕ ਦਾ ਅਸਲ ਮਨੋਰਥ ਇਤਿਹਾਸ ਦੇ ਜ਼ਰੀਏ ਪੰਜਾਬੀਅਤ ਦੀ ਪਰੰਪਰਾ ਵਿਚਲੀ ਕੁਰਬਾਨੀ ਦੇ ਚਿੰਤਨ ਨੂੰ ਸਮਝਣਾ ਹੈ।ਇਸ ਦੇ ਜ਼ਰੀਏ ਅਸੀਂ ਇਹ ਪਤਾ ਲਗਾਵਾਂਗੇ, ਕਿ ਸ਼ਹੀਦੀਆਂ ਨੂੰ ਪ੍ਰਾਪਤ ਕਰਨ ਵਾਲੇ ਸਿੱਖ ਦੀ ਕਿਹੋ ਜਿਹੀ ਮਾਨਸਿਕਤਾ ਹੁੰਦੀ ਹੈ।ਉਹ ਆਪਣੇ ਸਿੱਖੀ ਸਿਧਾਂਤ ਨੂੰ ਕਿਹੜੀ ਦ੍ਰਿਸ਼ਟੀ ਨਾਲ ਦੇਖਦੇ ਹਨ, ਪਰਿਵਾਰਿਕ ਮੋਹ ਵਿਚ ਬੱਝੇ ਹੋਏ ਕਿੱਦਾਂ ਸ਼ਹਾਦਤਾਂ ਨੂੰ ਪ੍ਰੇਮ ਦੀ ਗਤੀ ਵਜੋਂ ਆਪਣੇ ਅਨੁਭਵ ਵਿਚ ਲੈ ਕੇ ਆਉਂਦੇ ਹਨ?


