ਲੁਧਿਆਣਾ, 22 ਨਵੰਬਰ – ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ 16 ਨਵੰਬਰ ਤੋਂ 30 ਨਵੰਬਰ, 2026 ਤੱਕ ਜਾਰੀ ‘ਸਵੈ-ਗਣਨਾ’ ਸਹੂਲਤ ਰਾਹੀਂ ਆਪਣੇ ਆਨਲਾਈਨ ਵੇਰਵੇ ਭਰ ਕੇ ਭਾਰਤ ਦੀ ਚੱਲ ਰਹੀ ਜਨਗਣਨਾ ਵਿੱਚ ਭਾਗੀਦਾਰ ਬਣਨ।
ਇਸ ਮੌਕੇ ਉਨ੍ਹਾਂ ਆਪਣੀ ਖੁਦ ਦੀ ‘ਸਵੈ-ਗਣਨਾ’ ਪ੍ਰਕਿਰਿਆ ਵੀ ਮੁਕੰਮਲ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲੀ ਦਸੰਬਰ, 2026 ਤੋਂ 4 ਜਨਵਰੀ 2027 ਤੱਕ, ਭਾਰਤ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਰਾਹੀ ਜਨਗਣਨਾ ਕਰਵਾਈ ਜਾਣੀ ਹੈ ਜਿਸਦੇ ਤਹਿਤ ਉਨ੍ਹਾਂ ਨੂੰ ਆਪਣੇ ਪਹਿਚਾਣ ਪੱਤਰ ਰਾਹੀਂ ਜਨਗਣਨਾ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਹਲਕੇ ਦੇ ਵਸਨੀਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮੰਗੀ ਜਾਣ ਵਾਲੀ ਜਾਣਕਾਰੀ ਉਪਲੱਬਧ ਕਰਵਾਉਣ ਵਿੱਚ ਉਨ੍ਹਾਂ ਦਾ ਸੰਪੂਰਨ ਸਹਿਯੋਗ ਕੀਤਾ ਜਾਵੇ ਜੋਕਿ ਸਾਡੇ ਸਾਰਿਆਂ ਲਈ ਹਿੱਤਕਾਰੀ ਹੈ ਕਿਉਂਕਿ ਜਨਗਣਨਾ ਦੇ ਆਧਾਰ ’ਤੇ ਹੀ ਸਰਕਾਰ ਵੱਲੋਂ ਬਿਹਤਰ ਸਿੱਖਿਆ, ਸਿਹਤ ਸਹੂਲਤਾਂ, ਬੁਨਿਆਦੀ ਢਾਂਚਾ ਅਤੇ ਹੋਰ ਲੋਕ ਭਲਾਈ ਸਕੀਮਾਂ ਦਾ ਵਿਸਥਾਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ ਦਸੰਬਰ, 2026 ਤੋਂ ਘਰ-ਘਰ ਸਰਵੇਖਣ ਤੋਂ ਪਹਿਲਾਂ, ਉਹ ਆਪਣੇ ਘਰ ਬੈਠੇ ਹੀ ਕੰਪਿਊਟਰ ਜਾਂ ਸਮਾਰਟਫ਼ੋਨ ਰਾਹੀਂ ਵੈਬਸਾਈਟ www.se.census.gov.in ’ਤੇ ਆਪਣੇ ਪਰਿਵਾਰਕ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਹਲਕੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ‘ਸਵੈ-ਗਣਨਾ’ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਆਪਣੀ ਆਈ.ਡੀ. ਨੂੰ ਨੋਟ ਕਰਕੇ ਰੱਖ ਲੈਣ ਤਾਂ ਜੋ ਪਹਿਲੀ ਦਸੰਬਰ ਤੋਂ 4 ਜਨਵਰੀ, 2027 ਤੱਕ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਦੌਰਾਨ ਗਿਣਤੀਕਾਰ ਨਾਲ ਸਾਂਝਾ ਕੀਤੀ ਜਾ ਸਕੇ। ਅਗਾਉਂ ਕੀਤੀ ਗਈ ‘ਸਵੈ-ਗਣਨਾ’ ਪ੍ਰਕਿਰਿਆ ਕਰਨ ਨੂੰ ਤੁਰੰਤ ਤਸਦੀਕ ਕੀਤੀ ਜਾ ਸਕੇਗਾ।


