ਖੰਨਾ, 12 ਨਵੰਬਰ :
ਸ੍ਰੀ ਗੋਬਿੰਦ ਗਊਸ਼ਾਲਾ, ਮਲੇਰਕੋਟਲਾ ਰੋਡ, ਖੰਨਾ ਵੱਲੋਂ 17 ਨਵੰਬਰ ਨੂੰ 21ਵੇਂ ਵਿਸ਼ਾਲ ਗੋਪਾਸ਼ਟਮੀ ਮਹੋਤਸਵ ਦਾ ਆਯੋਜਨ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਸਬੰਧ ਵਿੱਚ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮਹੋਤਸਵ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਅਪਾਰ ਕਿਰਪਾ ਸਦਕਾ ਕਰਵਾਏ ਜਾ ਰਹੇ ਇਸ ਮਹੋਤਸਵ ਦੌਰਾਨ ਸਵੇਰੇ 7:30 ਤੋਂ 9:30 ਵਜੇ ਤੱਕ ਹਵਨ, 9:30 ਤੋਂ 10 ਵਜੇ ਤੱਕ ਗਊ ਪੂਜਨ, 10 ਤੋਂ 11 ਵਜੇ ਤੱਕ ਕੀਰਤਨ, ਸਵੇਰੇ 11:30 ਵਜੇ ਬ੍ਰਾਹਮਣ ਪੂਜਨ ਅਤੇ ਦੁਪਹਿਰ 12 ਵਜੇ ਬ੍ਰਹਮ ਭੋਜ ਦਾ ਆਯੋਜਨ ਕੀਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਗਊ ਮਾਤਾ ਦੀ ਪੂਜਾ, ਸੇਵਾ ਅਤੇ ਸੁਰੱਖਿਆ ਦਾ ਸੰਦੇਸ਼ ਦਿੰਦਾ ਹੈ। ਗਊ ਮਾਤਾ ਦੀ ਸੇਵਾ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਪਰੰਪਰਾ ਦਾ ਅਹਿਮ ਹਿੱਸਾ ਹੈ। ਇਸ ਮੌਕੇ ਸ਼ਰਧਾਲੂਆਂ ਨੂੰ ਗਊ ਸੇਵਾ ਲਈ ਪ੍ਰੇਰਿਤ ਕੀਤਾ ਜਾਵੇਗਾ। ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਚੰਮ ਅਤੇ ਸਕੱਤਰ ਸਤੀਸ਼ ਵਰਮਾ ਸਮੇਤ ਸਮੂਹ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਮਹੋਤਸਵ ਵਿੱਚ ਪਹੁੰਚ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ।

Share.
Leave A Reply