ਖੰਨਾ, 7 ਨਵੰਬਰ :
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਹਲਕਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਮੰਤਰੀ ਸੌਂਦ ਨੇ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਹਨੇਰੇ ‘ਤੇ ਚਾਨਣ ਅਤੇ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਸਾਨੂੰ ਇਹ ਤਿਉਹਾਰ ਖੁਸ਼ੀ, ਪਿਆਰ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰ ਸਾਦਗੀ ਅਤੇ ਉਤਸ਼ਾਹ ਨਾਲ ਮਨਾਉਣ ਅਤੇ ਲੋੜਵੰਦਾਂ ਦੇ ਚਿਹਰਿਆਂ ‘ਤੇ ਵੀ ਖੁਸ਼ੀਆਂ ਲਿਆਉਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕੀਤੀ ਜਾਵੇ, ਤਾਂ ਜੋ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ ਅਤੇ ਸਾਡੇ ਬੱਚਿਆਂ ਦਾ ਭਵਿੱਖ ਸਾਫ਼-ਸੁਥਰੇ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਬਿਹਤਰ ਬਣ ਸਕੇ।
ਮੰਤਰੀ ਸੌਂਦ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਮਿਹਨਤ, ਹੁਨਰ ਅਤੇ ਆਪਣੇ ਕਰਮ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਉੱਥੇ ਹੀ ਬੰਦੀ ਛੋੜ ਦਿਵਸ ਸਾਨੂੰ ਤਿਆਗ, ਕੁਰਬਾਨੀ ਅਤੇ ਮਨੁੱਖਤਾ ਦੇ ਉੱਚੇ ਮੁੱਲਾਂ ਦੀ ਯਾਦ ਦਿਵਾਉਂਦਾ ਹੈ। ਅੰਤ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਮੂਹ ਹਲਕਾ ਵਾਸੀਆਂ ਦੀ ਸੁੱਖ-ਸ਼ਾਂਤੀ, ਤਰੱਕੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਇਨ੍ਹਾਂ ਪਵਿੱਤਰ ਤਿਉਹਾਰਾਂ ਨੂੰ ਪਿਆਰ, ਏਕਤਾ ਅਤੇ ਇੱਕ-ਦੂਜੇ ਦੀ ਸੇਵਾ ਦੀ ਭਾਵਨਾ ਨਾਲ ਮਨਾਈਏ।


