ਲੁਧਿਆਣਾ, 06 ਮਈ – ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਦੀ ਪ੍ਰਧਾਨਗੀ ਹੇਠ ਨਸ਼ਾ ਮੁਕਤੀ ਤੇ ਲੋਕਾਂ ਦੇ ਸਮਾਜਿਕ ਆਰਥਿਕ ਪੱਧਰ ਦਾ ਜਾਇਜਾ ਲੈਣ ਲਈ ਕਰਵਾਈ ਜਾ ਰਹੀ ਨਸ਼ਾ ਤੇ ਸਮਾਜਿਕ ਆਰਥਿਕ ਜਨਗਣਨਾ ਦੇ ਪਹਿਲੇ ਪੜਾਅ ਦੀ ਟ੍ਰੇਨਿੰਗ ਲੁਧਿਆਣਾ ਵਿਖੇ ਕਰਵਾਈ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸਰਵੇ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਨਾਉਣ ਲਈ ਸਾਰੇ ਕਰਮਚਾਰੀਆਂ ਨੂੰ ਨਵੇਂ ਮੋਬਾਈਲ ਫੋਨ ਮੁਹੱਈਆ ਕਰਵਾਏ ਗਏ ਅਤੇ ਇਸ ਸਰਵੇ ਦੀ 5 ਮਈ ਤੋਂ ਰਸਮੀਂ ਤੌਰ ਤੇ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਰਵੇ ਨੂੰ ਮੁਕੰਮਲ ਕਰਨ ਲਈ ਵੱਧ ਤੋਂ ਵੱਧ 45 ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਜਿਸ ਦੌਰਾਨ ਹਰੇਕ ਗਣਨਾਕਾਰ ਲਗਭਗ 250 ਘਰਾਂ ਨੂੰ ਕਵਰ ਕਰੇਗਾ, ਜਿਸ ਲਈ ਸਰਕਾਰ ਵੱਲੋਂ ਗਣਨਾਕਾਰਾਂ ਨੂੰ 250 ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਮਾਣਭੱਤਾ ਵੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੰਮ ਦੀ ਸੁਚਾਰੂ ਢੰਗ ਨਾਲ ਨਿਗਰਾਨੀ ਲਈ ਸੁਪਰਵਾਈਜਰ ਵੀ ਨਿਯੁਕਤ ਕੀਤੇ ਗਏ ਹਨ।
ਇਸ ਸਿਖਲਾਈ ਦੋਰਾਨ ਮਾਸਟਰ ਟਰੇਨਰ ਐਡ: ਅਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਰਵੇ ਦੀਆਂ ਬਰੀਕੀਆਂ ਅਤੇ ਮੋਬਾਈਲ ਐਪ ਰਾਹੀਂ ਡਾਟਾ ਇਕੱਠਾ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪੂਰੇ ਪ੍ਰੋਜੈਕਟ ਦੇ ਤਾਲਮੇਲ ਦੀ ਜਿੰਮੇਵਾਰੀ ਹਰਪ੍ਰੀਤ ਕੌਰ ਅਤੇ ਪ੍ਰਭਦੀਪ ਕੌਰ ਵੱਲੋਂ ਨਿਭਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਸਮੂਹ ਕਰਮਚਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਕਿ ਉਸ ਇਸ ਸਰਵੈ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨ।


