ਖੰਨਾ, ਲੁਧਿਆਣਾ 28 ਫਰਵਰੀ:
ਖੰਨਾ ਦੇ ਦੁਸਹਿਰਾ ਗਰਾਉਂਡ ਵਿੱਚ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲਾ 2026 ਨੇ ਸਿਰਫ਼ ਮਨੋਰੰਜਨ ਹੀ ਨਹੀਂ ਦਿੱਤਾ, ਸਗੋਂ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਜੀਵਨ ਮੁੱਲਾਂ ਦੀ ਵੀ ਖੂਬਸੂਰਤ ਤਸਵੀਰ ਪੇਸ਼ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਲੱਗੇ ਇਸ ਮੇਲੇ ਨੇ ਲੋਕਾਂ ਨੂੰ ਆਪਣੀਆਂ ਜੜਾਂ ਨਾਲ ਜੋੜਨ ਦਾ ਅਨੋਖਾ ਮੌਕਾ ਦਿੱਤਾ। ਹਰ ਰਾਤ ਪੰਜਾਬੀ ਸੰਗੀਤ ਦੇ ਪ੍ਰਸਿੱਧ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਰਹੇ ਹਨ ਅਤੇ ਮੇਲੇ ਦਾ ਮਾਹੌਲ ਰੌਣਕਾਂ ਨਾਲ ਭਰਿਆ ਹੋਇਆ ਹੈ।
ਸ਼ੁੱਕਰਵਾਰ ਦੀ ਰਾਤ ਨੂੰ ਮੰਚ ‘ਤੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸਿੰਘ ਮਾਨ ਨੇ ਜਿਵੇਂ ਹੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ, ਪੂਰਾ ਦੁਸਹਿਰਾ ਗਰਾਊਂਡ ਤਾਲੀਆਂ ਅਤੇ ਸਿਫ਼ਤਾਂ ਨਾਲ ਗੂੰਜ ਉਠਿਆ। 60 ਸਾਲ ਦੀ ਉਮਰ ਵਿੱਚ ਵੀ ਉਹਨਾਂ ਦੀ ਆਵਾਜ਼ ਵਿੱਚ 16 ਸਾਲ ਦੀ ਉਮਰ ਵਾਲਾ ਜੋਸ਼, ਤਾਜਗੀ ਅਤੇ ਊਰਜਾ ਸਾਫ਼ ਦਿਖਾਈ ਦਿੱਤੀ। ਉਨ੍ਹਾਂ ਨੇ ਇੱਕ ਤੋਂ ਇੱਕ ਮਸ਼ਹੂਰ ਗੀਤ ਗਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਜਿੰਨਾ ਸਮਾਂ ਉਹ ਸਟੇਜ਼ ‘ਤੇ ਰਹੇ, ਲੋਕ ਹਰ ਬੋਲ ਨੂੰ ਬੜੀ ਗੰਭੀਰਤਾ ਨਾਲ ਸੁਣਦੇ ਰਹੇ ਅਤੇ ਸਾਰਾ ਮਾਹੌਲ ਸੱਭਿਆਚਾਰਕ ਰੰਗ ਵਿੱਚ ਰੰਗਿਆ ਰਿਹਾ।
ਹਰਭਜਨ ਸਿੰਘ ਮਾਨ ਨੇ ਸਿਰਫ਼ ਗਾਇਕੀ ਹੀ ਨਹੀਂ ਕੀਤੀ, ਸਗੋਂ ਦਰਸ਼ਕਾਂ ਨੂੰ ਜੀਵਨ ਜਿਉਣ ਦੀ ਕਲਾ ਵੀ ਸਿਖਾਈ। ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਆਪਣਾ ਸੱਭਿਆਚਾਰ ਅਤੇ ਵਿਰਸਾ ਸੰਭਾਲ ਕੇ ਰੱਖੀਏ, ਕਿਉਂਕਿ ਇਹੀ ਸਾਡੀ ਅਸਲੀ ਪਛਾਣ ਹੈ। ਉਹਨਾਂ ਨੇ ਪਰਿਵਾਰ ਦੀ ਮਹੱਤਤਾ ਉੱਭਾਰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਪਰਿਵਾਰਾਂ ਦਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ, ਤਾਂ ਜੋ ਪਿਆਰ, ਸਤਿਕਾਰ ਅਤੇ ਸੰਸਕਾਰ ਬਣੇ ਰਹਿਣ। ਮਾਂ-ਬਾਪ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਮਾਂ-ਬਾਪ ਦੀ ਸੇਵਾ ਅਤੇ ਆਦਰ ਕਰਨਾ ਹਰ ਬੱਚੇ ਦਾ ਫਰਜ਼ ਹੈ।
ਉਹਨਾਂ ਨੇ ਨੌਜਵਾਨਾਂ ਨੂੰ ਸਮੇਂ ਦੀ ਕਦਰ ਕਰਨ ਅਤੇ ਜੀਵਨ ਵਿੱਚ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਨਾਲ ਹੀ ਮੋਬਾਇਲ ਅਤੇ ਸੋਸ਼ਲ ਮੀਡੀਆ ਦੀ ਹੱਦ ਤੋਂ ਵੱਧ ਵਰਤੋਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਵਰਗ ਜ਼ਿਆਦਾਤਰ ਸਮਾਂ ਫੋਨ ਵਿੱਚ ਗੁਜ਼ਾਰ ਰਿਹਾ ਹੈ, ਜਿਸ ਨਾਲ ਉਹ ਅਸਲ ਜੀਵਨ ਦੇ ਸੁੰਦਰ ਪਲਾਂ ਤੋਂ ਦੂਰ ਹੋ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਮੋਬਾਇਲ ਦੀ ਵਰਤੋਂ ਨੂੰ ਸੰਤੁਲਿਤ ਰੱਖ ਕੇ ਕਿਤਾਬਾਂ, ਖੇਡਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਇਆ ਜਾਵੇ, ਤਾਂ ਜੋ ਮਨੁੱਖੀ ਰਿਸ਼ਤੇ ਮਜ਼ਬੂਤ ਬਣੇ ਰਹਿਣ।
ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੇਲੇ ਦੀ ਯੋਗ ਅਗਵਾਈ ਕਰ ਰਹੀ ਖੰਨਾ ਦੀ ਐਸ.ਡੀ.ਐਮ ਸ੍ਰੀਮਤੀ ਸਵਾਤੀ ਟਿਵਾਣਾ ਨੇ ਵੀ ਹਰਭਜਨ ਸਿੰਘ ਮਾਨ ਦੀ ਗਾਇਕੀ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਸਾਡੀ ਰੂਹ ਹੈ ਅਤੇ ਇਸਨੂੰ ਸੰਭਾਲ ਕੇ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਮੇਲੇ ਵਿੱਚ ਹਰ ਵਰਗ ਦੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਬਜ਼ੁਰਗ, ਨੌਜਵਾਨ, ਬੱਚੇ ਅਤੇ ਮਹਿਲਾਵਾਂ ਸਾਰੇ ਹੀ ਇਸ ਸੱਭਿਆਚਾਰਕ ਰੰਗ ਵਿੱਚ ਰੰਗੇ ਨਜ਼ਰ ਆਏ। ਦੁਸਹਿਰਾ ਗਰਾਉਂਡ ਵਿੱਚ ਲੱਗੇ ਵੱਖ-ਵੱਖ ਸਟਾਲਾਂ ਨੇ ਵੀ ਦਰਸ਼ਕਾਂ ਦਾ ਖੂਬ ਧਿਆਨ ਖਿੱਚਿਆ, ਜਿੱਥੇ ਹਥਕਲਾ, ਖਾਣ-ਪੀਣ ਦੀਆਂ ਵਸਤਾਂ ਅਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਉਪਲਬਧ ਹਨ।
ਖੰਨਾ ਦਾ ਪੰਜਾਬ ਸਖੀ ਸ਼ਕਤੀ ਮੇਲਾ 2026 ਨਾ ਸਿਰਫ਼ ਮਨੋਰੰਜਨ ਦਾ ਸਾਧਨ ਬਣਿਆ, ਸਗੋਂ ਇਸ ਨੇ ਸਮਾਜਿਕ ਅਤੇ ਸੱਭਿਆਚਾਰਕ ਸੰਦੇਸ਼ ਵੀ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਇਕੱਠਾ ਕਰਨ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕਰਨ ਦੀ ਕਾਬਿਲ-ਏ-ਤਾਰੀਫ਼ ਪਹਿਲ ਕੀਤੀ ਗਈ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਸਰਗਰਮ ਭੂਮਿਕਾ ਨਾਲ ਮੇਲੇ ਨੂੰ ਵਿਸ਼ੇਸ਼ ਉਚਾਈ ਮਿਲੀ ਹੈ।
ਅੰਤ ਵਿੱਚ, ਹਰਭਜਨ ਸਿੰਘ ਮਾਨ ਦੀ ਸ਼ਾਨਦਾਰ ਗਾਇਕੀ ਅਤੇ ਉਨ੍ਹਾਂ ਦੇ ਜੀਵਨ ਸੰਦੇਸ਼ਾਂ ਨੇ ਦਰਸ਼ਕਾਂ ਦੇ ਦਿਲਾਂ ‘ਚ ਅਮਿੱਟ ਛਾਪ ਛੱਡੀ। ਖੰਨਾ ਦਾ ਦੁਸਹਿਰਾ ਗਰਾਉਂਡ ਉਸ ਰਾਤ ਸੱਚਮੁੱਚ ਸੱਭਿਆਚਾਰ ਦਾ ਕੇਂਦਰ ਬਣ ਗਿਆ, ਜਿੱਥੇ ਸੰਗੀਤ, ਸੰਦੇਸ਼ ਅਤੇ ਸਾਂਝੇਪਣ ਦੀ ਤ੍ਰਿਵੇਣੀ ਵਹਿ ਰਹੀ ਸੀ। ਇਹ ਮੇਲਾ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬੀ ਸੱਭਿਆਚਾਰ ਦੀ ਮਹਿਕ ਫੈਲਾਉਂਦਾ ਰਹੇਗਾ।


