ਖੰਨਾ, ਲੁਧਿਆਣਾ, 21 ਜਨਵਰੀ:

ਬਸੰਤ ਪੰਚਮੀ ਦੇ ਤਿਉਹਾਰ ਨੂੰ ਸੁਰੱਖਿਅਤ, ਸ਼ਾਂਤੀਪੂਰਕ ਅਤੇ ਖੁਸ਼ਹਾਲ ਬਣਾਉਣ ਲਈ ਖੰਨਾ ਪੁਲਸ ਵੱਲੋਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਲੋਕ-ਹਿਤੈਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਚਾਈਨਾ ਡੋਰ ਵਰਗੇ ਖ਼ਤਰਨਾਕ ਅਤੇ ਗੈਰ-ਕਾਨੂੰਨੀ ਧਾਗੇ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਐਸ.ਐਸ.ਪੀ ਨੇ ਸਪਸ਼ਟ ਕੀਤਾ ਕਿ ਇਹ ਡੋਰ ਸਿਰਫ਼ ਇਨਸਾਨੀ ਜਾਨ ਲਈ ਹੀ ਨਹੀਂ, ਸਗੋਂ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਲਈ ਵੀ ਗੰਭੀਰ ਖ਼ਤਰਾ ਹੈ। ਉਨ੍ਹਾਂ ਦੀ ਇਸ ਦੂਰਅੰਦੇਸ਼ੀ ਸੋਚ ਅਤੇ ਸਖ਼ਤ ਕਾਰਵਾਈ ਦੀ ਚਾਰੇ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ।

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਚਾਈਨਾ ਡੋਰ ‘ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਅਤੇ ਇਸ ਦੀ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ। ਪਿਛਲੇ ਸਾਲਾਂ ਦੌਰਾਨ ਚਾਈਨਾ ਡੋਰ ਕਾਰਨ ਕਈ ਦਰਦਨਾਕ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੇ ਗਲੇ ਕਟਣ, ਦੋਪਹੀਆ ਵਾਹਨ ਚਾਲਕਾਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਬੇਸ਼ੁਮਾਰ ਪੰਛੀਆਂ ਦੀ ਮੌਤ ਵਰਗੀਆਂ ਘਟਨਾਵਾਂ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ਤੋਂ ਸਿੱਖ ਲੈਂਦਿਆਂ ਇਸ ਵਾਰ ਖੰਨਾ ਪੁਲਸ ਨੇ ਪਹਿਲਾਂ ਤੋਂ ਹੀ ਪੂਰੀ ਤਿਆਰੀ ਕਰ ਲਈ ਹੈ।

ਐਸ.ਐਸ.ਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਹੜੀ ਦੇ ਵਾਂਗ ਬਸੰਤ ਪੰਚਮੀ ਵਾਲੇ ਦਿਨ ਵੀ ਪੁਲਸ ਪੂਰੀ ਤਰ੍ਹਾਂ ਅਲਰਟ ਰਹੇਗੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਲਸ ਟੀਮਾਂ ਘਰਾਂ ਦੀਆਂ ਛੱਤਾਂ ਉਪਰ ਚੜ੍ਹ ਕੇ ਚੈਕਿੰਗ ਕਰਨਗੀਆਂ, ਤਾਂ ਜੋ ਕਿਸੇ ਵੀ ਤਰ੍ਹਾਂ ਚਾਈਨਾ ਡੋਰ ਦੀ ਵਰਤੋਂ ਨਾ ਹੋ ਸਕੇ। ਇਸਦੇ ਨਾਲ ਹੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਡ੍ਰੋਨ ਕੈਮਰਿਆਂ ਰਾਹੀਂ ਸਾਰੇ ਇਲਾਕਿਆਂ ‘ਚ ਨਿਗਰਾਨੀ ਕੀਤੀ ਜਾਵੇਗੀ। ਇਹ ਕਦਮ ਖੰਨਾ ਪੁਲਸ ਦੀ ਮੁਸਤੈਦੀ ਅਤੇ ਐਸ.ਐਸ.ਪੀ ਦੀ ਦੂਰਦਰਸ਼ੀ ਅਗਵਾਈ ਨੂੰ ਸਾਫ਼ ਦਰਸਾਉਂਦਾ ਹੈ।

ਇਸ ਮੁਹਿੰਮ ਦਾ ਸਭ ਤੋਂ ਸਕਾਰਾਤਮਕ ਪਹਿਲੂ ਇਹ ਹੈ ਕਿ ਪੁਲਸ ਦੀ ਸਖ਼ਤੀ ਅਤੇ ਜਾਗਰੂਕਤਾ ਕਾਰਨ ਇਸ ਸਾਲ ਧਾਗਾ ਡੋਰ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾ ਵਧ ਗਈ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਨੇ ਵੀ ਦੱਸਿਆ ਹੈ ਕਿ ਲੋਕ ਹੁਣ ਸੁਰੱਖਿਅਤ ਅਤੇ ਕਾਨੂੰਨੀ ਧਾਗਾ ਡੋਰ ਨੂੰ ਤਰਜੀਹ ਦੇ ਰਹੇ ਹਨ, ਜੋ ਸਮਾਜ ਵਿੱਚ ਆ ਰਹੇ ਸਕਾਰਾਤਮਕ ਬਦਲਾਅ ਦਾ ਸਪਸ਼ਟ ਸਬੂਤ ਹੈ। ਇਹ ਬਦਲਾਅ ਸਿੱਧੇ ਤੌਰ ‘ਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਜਾਗਰੂਕਤਾ ਮੁਹਿੰਮ ਅਤੇ ਸਖ਼ਤ ਹਦਾਇਤਾਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

ਐਸ.ਐਸ.ਪੀ ਖੰਨਾ ਨੇ ਨੌਜਵਾਨਾਂ ਨੂੰ ਸਖ਼ਤ ਅਤੇ ਸਨੇਹੀ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੀ ਖੁਸ਼ੀ ਕਿਸੇ ਦੀ ਜਾਨ ਖ਼ਤਰੇ ‘ਚ ਪਾ ਕੇ ਨਹੀਂ ਮਨਾਈ ਜਾ ਸਕਦੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕਿਸੇ ਕੋਲੋਂ ਵੀ ਚਾਈਨਾ ਡੋਰ ਬਰਾਮਦ ਹੁੰਦੀ ਹੈ ਜਾਂ ਕੋਈ ਇਸ ਦੀ ਵਰਤੋਂ ਕਰਦਾ ਹੋਇਆ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਤੁਰੰਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਇਸ ਦੇ ਨਾਲ ਹੀ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਮਾਪਿਆਂ ਨੂੰ ਵੀ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਉਹ ਸਿਰਫ਼ ਸੁਰੱਖਿਅਤ ਅਤੇ ਕਾਨੂੰਨੀ ਧਾਗਾ ਡੋਰ ਨਾਲ ਹੀ ਪਤੰਗਬਾਜ਼ੀ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਅਤੇ ਪੁਲਿਸ ਇਕੱਲੀ ਇਸ ਲੜਾਈ ਨੂੰ ਨਹੀਂ ਜਿੱਤ ਸਕਦੀ।

ਅੰਤ ‘ਚ ਐਸ.ਐਸ.ਪੀ ਖੰਨਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੰਨਾ ਪੁਲਿਸ ਦਾ ਪੂਰਾ ਸਹਿਯੋਗ ਕਰਨ, ਕਾਨੂੰਨ ਦੀ ਪਾਲਣਾ ਕਰਨ ਅਤੇ ਬਸੰਤ ਪੰਚਮੀ ਦੇ ਤਿਉਹਾਰ ਪੂਰੀ ਸੁਰੱਖਿਆ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਮਨਾਉਣ।

Share.

“I’m a Newswriter, “I write about the trending news events happening all over the world.

Leave A Reply