ਜਲੰਧਰ, 10 ਜਨਵਰੀ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਵਾਸਲ ਐਜੂਕੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਲੰਧਰ ਪ੍ਰੀਮੀਅਰ ਲੀਗ ਤਹਿਤ ਖੇਡੇ ਗਏ ਕ੍ਰਿਕਟ ਦੇ ਵੱਖ-ਵੱਖ ਰੋਮਾਂਚਕ ਮੈਚਾਂ ਵਿੱਚ ਖਿਡਾਰੀਆਂ ਵੱਲੋਂ ਬਿਹਤਰੀਨ ਖੇਡ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ।
ਸੇਂਟ ਸੋਲਜਰ ਕਾਲਜ ਵਿਖੇ ਹੋਇਆ ਕ੍ਰਿਕਟ ਮੈਚ ਕੇ.ਐਮ.ਵੀ. ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਕੇ.ਐਮ.ਵੀ. ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ 18.1 ਓਵਰਾਂ ਵਿੱਚ ਸਾਰੀਆਂ ਵਿਕਟਾਂ ਗਵਾ ਕੇ 158 ਦੌੜਾਂ ਬਣਾਈਆਂ। ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ ਦੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ 11.2 ਓਵਰਾਂ ਵਿੱਚ 159 ਦੌੜਾਂ ਬਣਾ ਕੇ 7 ਵਿਕਟਾਂ ਨਾਲ ਮੈਚ ਜਿੱਤਣ ਵਿੱਚ ਕਾਮਯਾਬ ਰਹੀ।
ਇਸੇ ਤਰ੍ਹਾਂ ਡੀ.ਐਮ.ਐਸ. ਸਕੂਲ ਵਿਖੇ ਜੂਨੀਅਰ ਮਾਡਲ ਸਕੂਲ ਅਤੇ ਡੀ.ਐਮ.ਐਸ. ਸਕੂਲ ਦਰਮਿਆਨ ਖੇਡੇ ਗਏ ਕ੍ਰਿਕਟ ਮੈਚ ਵਿੱਚ ਜੂਨੀਅਰ ਮਾਡਲ ਸਕੂਲ ਦੀ ਟੀਮ ਜੇਤੂ ਰਹੀ। ਡੀ.ਐਮ.ਐਸ. ਸਕੂਲ ਦੀ ਟੀਮ ਨੇ ਪੂਰੇ 20 ਓਵਰ ਖੇਡਦਿਆਂ 3 ਵਿਕਟਾਂ ਦੇ ਨੁਕਸਾਨ ਨਾਲ 141 ਦੌੜਾਂ ਬਣਾਈਆਂ ਜਦਕਿ ਜੂਨੀਅਰ ਮਾਡਲ ਸਕੂਲ ਦੀ ਟੀਮ ਨੇ 19.3 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 142 ਦੌੜਾਂ ਬਣਾ ਕੇ ਇਕ ਵਿਕਟ ਨਾਲ ਮੈਚ ਜਿੱਤ ਲਿਆ।
ਇਸ ਤੋਂ ਇਲਾਵਾ ਸੀ.ਟੀ. ਇੰਸਟੀਚਿਊਟ ਵਿਖੇ ਖੇਡੇ ਗਏ ਮੈਚ ਵਿੱਚ ਐਲ.ਆਰ.ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ 18.5 ਓਵਰਾਂ ਵਿੱਚ 104 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਦਕਿ ਇਨੋਸੈਂਟ ਹਾਰਟ ਸਕੂਲ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦੇ ਹੋਏ 14.1 ਓਵਰਾਂ ਵਿੱਚ 107 ਦੌੜਾ ਬਣਾਈਆਂ ਅਤੇ 4 ਵਿਕਟਾਂ ਨਾਲ ਮੈਚ ਜਿੱਤਣ ਵਿੱਚ ਸਫ਼ਲ ਰਹੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਇਹ ਨਿਵੇਕਲੀ ਪਹਿਲ ਕੀਤੀ ਗਈ, ਜਿਸ ਨੂੰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।


