ਲੁਧਿਆਣਾ, 9 ਜਨਵਰੀ:
ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਐਨ.ਆਰ.ਐਲ.ਐਮ) ਦੇ ਤਹਿਤ, ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸੁਧਾਰ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ (ਐਸ.ਐਚ.ਜੀ) ਦੀਆਂ ਮੈਂਬਰ, ਹੱਥ ਨਾਲ ਬੁਣੇ ਹੋਏ ਉੱਨੀ ਮਫਲਰ ਤਿਆਰ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਜੋ ਉਨ੍ਹਾਂ ਦੇ ਰਵਾਇਤੀ ਹੁਨਰ ਅਤੇ ਕਾਰੀਗਰੀ ਨੂੰ ਦਰਸਾਉਂਦੀਆਂ ਹਨ।
ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੀ ਟੀਮ ਤੋਂ ਸ਼੍ਰੀਮਤੀ ਹਰਸ਼ਾ ਸੋਨੀ ਅਤੇ ਨੀਲੇਸ਼ ਗੁਪਤਾ ਨੇ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਰਜੀਤ ਬੈਂਸ ਨੂੰ ਸਨਮਾਨ ਦੇ ਪ੍ਰਤੀਕ ਵਜੋਂ ਹੱਥਾਂ ਨਾਲ ਬੁਣੇ ਹੋਏ ਮਫਲਰਾਂ ਦਾ ਇੱਕ ਸੈੱਟ ਭੇਟ ਕੀਤਾ ਗਿਆ। ਦੋਵਾਂ ਅਧਿਕਾਰੀਆਂ ਦੁਆਰਾ ਇਸ ਪਹਿਲਕਦਮੀ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਦੁਆਰਾ ਤਿਆਰ ਕੀਤੇ ਜਾਂਦੇ ਸਮਾਨ ਦੀ ਗੁਣਵੱਤਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ।
ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੁਆਰਾ ਅਜਿਹੀਆਂ ਪਹਿਲਕਦਮੀਆਂ ਦਾ ਉਦੇਸ਼ ਪੇਂਡੂ ਔਰਤਾਂ ਲਈ ਉਨ੍ਹਾਂ ਦੇ ਹੱਥ ਨਾਲ ਬੁਣੇ ਹੋਏ ਉਤਪਾਦਾਂ ਦੀ ਮਾਰਕੀਟਿੰਗ ਦੁਆਰਾ ਸਵੈ-ਨਿਰਭਰਤਾ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਵਿਭਾਗਾਂ, ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਹੱਥ ਨਾਲ ਬੁਣੇ ਹੋਏ ਸਮਾਨ ਖਰੀਦ ਕੇ ਸਵੈ-ਸਹਾਇਤਾ ਸਮੂਹ ਮੈਂਬਰਾਂ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਉਕਤ ਉਤਪਾਦਾਂ ਦੀ ਆਨਲਾਈਨ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ।


