ਖੰਨਾ, ਲੁਧਿਆਣਾ, 8 ਜਨਵਰੀ:
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਅੱਜ ਜ਼ਮੀਨੀ ਪੱਧਰ ’ਤੇ ਵੱਡੇ ਬਦਲਾਅ ਲੈ ਕੇ ਆਈ ਹੈ। ਜਿੱਥੇ ਇੱਕ ਪਾਸੇ ਸਰਕਾਰੀ ਹਸਪਤਾਲਾਂ ਦੀ ਸੂਰਤ ਬਦਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮੁਫ਼ਤ ਮਿਲ ਰਿਹਾ ਹੈ। ਇਸ ਸਿਹਤ ਕ੍ਰਾਂਤੀ ਦੀ ਇਕ ਸ਼ਾਨਦਾਰ ਮਿਸਾਲ ਖੰਨਾ ਦਾ ਸਰਕਾਰੀ ਹਸਪਤਾਲ ਬਣ ਕੇ ਸਾਹਮਣੇ ਆਇਆ ਹੈ, ਜਿੱਥੇ ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ 9 ਮਹੀਨਿਆਂ ਦੌਰਾਨ ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਵੱਲੋਂ ਦੂਰਬੀਨ (ਲੈਪ੍ਰੋਸਕੋਪਿਕ) ਤਰੀਕੇ ਨਾਲ ਪਿੱਤੇ ਦੀ ਪੱਥਰੀ ਦੇ 200 ਸਫਲ ਆਪਰੇਸ਼ਨ ਕੀਤੇ ਗਏ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਮੰਨੇ ਜਾ ਰਹੇ ਹਨ। ਇੰਨਾ ਹੀ ਨਹੀਂ, ਪੂਰੇ ਸਾਲ 2025 ਦੌਰਾਨ ਐੱਸ.ਐੱਮ.ਓ ਡਾਕਟਰ ਭਸੀਨ ਨੇ ਹਸਪਤਾਲ ਵਿੱਚ ਕੁੱਲ 281 ਆਪਰੇਸ਼ਨ ਕੀਤੇ ਗਏ, ਜਿਨ੍ਹਾਂ ਵਿੱਚੋਂ 200 ਦੂਰਬੀਨ ਨਾਲ ਕੀਤੇ ਗਏ। ਇਹ ਪ੍ਰਦਰਸ਼ਨ ਨਾ ਸਿਰਫ਼ ਐੱਸ.ਐੱਮ.ਓ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ, ਸਗੋਂ ਪੰਜਾਬ ਸਰਕਾਰ ਦੀ ਸਿਹਤ ਨੀਤੀਆਂ ਦੀ ਕਾਮਯਾਬੀ ਨੂੰ ਵੀ ਸਾਬਤ ਕਰਦਾ ਹੈ।
ਦੂਰਬੀਨ ਸਰਜਰੀ ਇੱਕ ਅਧੁਨਿਕ ਅਤੇ ਮਹਿੰਗਾ ਇਲਾਜ ਮੰਨਿਆ ਜਾਂਦਾ ਹੈ। ਜੇਕਰ ਇਹੀ ਆਪਰੇਸ਼ਨ ਨਿੱਜੀ ਹਸਪਤਾਲਾਂ ਵਿੱਚ ਕਰਵਾਏ ਜਾਂਦੇ ਤਾਂ ਮਰੀਜ਼ਾਂ ਨੂੰ ਕਰੀਬ 80 ਤੋਂ 90 ਲੱਖ ਰੁਪਏ (40 ਤੋਂ 45 ਹਜ਼ਾਰ ਪ੍ਰਤੀ ਆਪਰੇਸ਼ਨ) ਤੱਕ ਦਾ ਖਰਚਾ ਕਰਨਾ ਪੈਂਦਾ। ਪਰ ਪੰਜਾਬ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਇਹ ਸਾਰੇ ਆਪਰੇਸ਼ਨ ਬਿਲਕੁਲ ਮੁਫ਼ਤ ਕੀਤੇ ਗਏ। ਇਸ ਨਾਲ ਨਾ ਸਿਰਫ਼ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ, ਸਗੋਂ ਸਰਕਾਰੀ ਸਿਹਤ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਵੀ ਹੋਰ ਮਜ਼ਬੂਤ ਹੋਇਆ।
ਦੂਰਬੀਨ ਸਰਜਰੀ ਦੇ ਦੋਹਰੇ ਸੈਂਕੜੇ ਦੀ ਉਪਲਬਧੀ ਪੂਰੀ ਹੋਣ ’ਤੇ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਅਤੇ ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਦੀ ਸ਼ਲਾਘਾ ਕੀਤੀ ਗਈ। ਸਟਾਫ ਨੇ ਇਸ ਸਫਲਤਾ ਨੂੰ ਟੀਮ ਵਰਕ ਅਤੇ ਪੰਜਾਬ ਸਰਕਾਰ ਦੀ ਸਹਿਯੋਗੀ ਨੀਤੀਆਂ ਦਾ ਨਤੀਜਾ ਦੱਸਿਆ।
ਡਾ. ਮਨਿੰਦਰ ਸਿੰਘ ਭਸੀਨ ਨੇ ਇਸ ਮੌਕੇ ਦੱਸਿਆ ਕਿ ਉਹ ਸਾਲ 1995 ਬੈਚ ਦੇ ਸਰਜਨ ਹਨ ਅਤੇ ਪਿਛਲੇ 30 ਸਾਲਾਂ ਤੋਂ ਸਰਜਰੀ ਕਰ ਰਹੇ ਹਨ ਅਤੇ 27 ਸਾਲਾਂ ਤੋਂ ਸਰਕਾਰੀ ਹਸਪਤਾਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹ ਪਿਛਲੇ ਕਰੀਬ ਢਾਈ ਸਾਲਾਂ ਤੋਂ ਖੰਨਾ ਦੇ ਸਿਵਲ ਹਸਪਤਾਲ ਵਿੱਚ ਐਸ.ਐਮ.ਓ ਵਜੋਂ ਸੇਵਾ ਨਿਭਾ ਰਹੇ ਹਨ। ਦੂਜੇ ਪਾਸੇ, ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਇੰਨੇ ਵੱਡੇ ਪੱਧਰ ’ਤੇ ਆਪਰੇਸ਼ਨ ਕਰਨਾ ਅਤੇ ਲੋਕਾਂ ਦੀ ਸੇਵਾ ਕਰਨਾ, ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਹਸਪਤਾਲ ਦੇ ਹੋਰਨਾਂ ਸਰਜਨਾਂ ਵੱਲੋਂ ਵੀ ਦੂਰਬੀਨ ਨਾਲ ਮੁਫਤ ਆਪਰੇਸ਼ਨ ਕੀਤੇ ਜਾ ਰਹੇ ਹਨ, ਜੋ ਕਿ ਇਸ ਹਸਪਤਾਲ ਨੂੰ ਸੂਬੇ ਦੇ ਅਗਾਂਹਵਧੂ ਸਰਕਾਰੀ ਹਸਪਤਾਲਾਂ ਵਿੱਚ ਸ਼ਾਮਲ ਕਰਦੇ ਹਨ।
ਅੰਤ ਵਿੱਚ, ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਿਹਤ ਸਕੀਮਾਂ, ਖ਼ਾਸ ਕਰਕੇ ਆਯੁਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਹੁਣ ਹਰ ਤਰ੍ਹਾਂ ਦਾ ਅਧੁਨਿਕ ਇਲਾਜ ਮੁਫ਼ਤ ਉਪਲਬਧ ਹੈ ਅਤੇ ਲੋਕ ਨਿੱਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਬਚਣ।
ਨਿਸ਼ਚਿਤ ਤੌਰ ’ਤੇ ਖੰਨਾ ਦਾ ਸਰਕਾਰੀ ਹਸਪਤਾਲ ਅੱਜ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਜਿਉਂਦੀ ਜਾਗਦੀ ਉਦਾਹਰਨ ਬਣ ਕੇ ਉਭਰਿਆ ਹੈ।


