ਜਲੰਧਰ, 6 ਜਨਵਰੀ : ਨਾਲਸਾ (ਐਨ.ਏ.ਐਲ.ਐਸ.ਏ.) ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ- ਕਮ-ਚੇਅਰਮੈਨ ਨਿਰਭਉ ਸਿੰਘ ਗਿੱਲ ਦੀ ਅਗਵਾਈ ਵਿੱਚ ਮਹੀਨੇ ਤੋਂ ਚਲਾਈ ਜਾ ਰਹੀ ਵਿਆਪਕ ਜਾਗਰੂਕਤਾ ਮੁਹਿੰਮ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਹ ਮੁਹਿੰਮ 6 ਦਸੰਬਰ 2025 ਤੋਂ 6 ਜਨਵਰੀ 2026 ਤੱਕ ਚਲਾਈ ਗਈ ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਅਤੇ ਸੀ.ਜੇ.ਐਮ-ਕਮ-ਸਕੱਤਰ, ਡੀ.ਐਲ.ਐਸ.ਏ. ਜਲੰਧਰ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਮਾਜ ਨੂੰ ਨਸ਼ਿਆਂ ਦੀ ਲਾਹਨਤ ਵਿਰੁੱਧ ਲਾਮਬੰਦ ਕਰਨਾ ਅਤੇ ਕਾਨੂੰਨੀ ਸਹਾਇਤਾ, ਮੁੜ ਵਸੇਬਾ ਸੇਵਾਵਾਂ ਅਤੇ ਆਮ ਜਨਤਾ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨਾ ਹੈ। ਇਹ ਮੁਹਿੰਮ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ, ਦੋਵਾਂ ਖੇਤਰਾਂ ਦੇ ਹਰ ਕੋਨੇ ਤੱਕ ਪਹੁੰਚਣ ਲਈ ਉਲੀਕੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁਖ ਉਦੇਸ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਸ਼ਾਖੋਰੀ ਦੇ ਸਰੀਰਕ, ਸਮਾਜਿਕ ਅਤੇ ਕਾਨੂੰਨੀ ਨਤੀਜਿਆਂ ਬਾਰੇ, ਜਨਤਾ ਨੂੰ ਐਨ.ਡੀ.ਪੀ.ਐਸ. ਐਕਟ ਅਤੇ ਮੁੜ ਵਸੇਬੇ ਦੀ ਮੰਗ ਕਰਨ ਵਾਲਿਆਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ੇ ਦੇ ਪ੍ਰਭਾਵ ਹੇਠ ਆਏ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਮਦਦ ਲਈ ਸਰਪੰਚਾਂ, ਐਨ.ਜੀ.ਓਜ਼ ਅਤੇ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਲ ਕਰਨਾ ਸੀ। ਨਸ਼ਾ ਛੁਡਾਊ ਕੇਂਦਰਾਂ ਨਾਲ ਤਾਲਮੇਲ ਕਰਨਾ ਵੀ ਇਸ ਮੁਹਿੰਮ ਦਾ ਉਦੇਸ਼ ਸੀ ਤਾਂ ਜੋ ਪੀੜਤ ਵਿਅਕਤੀ ਬਿਨਾਂ ਕਿਸੇ ਸਮਾਜਿਕ ਡਰ ਦੇ ਰਿਕਵਰੀ ਵੱਲ ਵਧ ਸਕਣ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪੈਨਲ ਵਕੀਲਾਂ, ਪੀ.ਐਲ.ਵੀਜ਼ (PLVs) ਅਤੇ ਐਲ.ਏ.ਡੀ.ਸੀਜ਼ (LADCs) ਵੱਲੋਂ ਕਰੀਬ 100 ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ 100 ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ, ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਕਈ ਨਸ਼ਾ ਛੁਡਾਊ ਕੇਂਦਰਾਂ ਦਾ ਨਿਰੀਖਣ ਨਿਆਇਕ ਅਧਿਕਾਰੀਆਂ ਵੱਲੋਂ ਵੀ ਕੀਤਾ ਗਿਆ। ਇਸ ਦੌਰਾਨ ਖੂਨਦਾਨ ਅਤੇ ਮੈਡੀਕਲ ਕੈਂਪ ਵੀ ਲਗਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸਹਿਯੋਗ ਨਾਲ ਪ੍ਰਸਿੱਧ ਕਲਾਕਾਰਾਂ ਗੁਰਪ੍ਰੀਤ ਘੁੱਗੀ ਅਤੇ ਬਿਨੂੰ ਢਿੱਲੋਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਰਿਕਾਰਡ ਕੀਤੇ ਗਏ ਆਡੀਓ ਸੰਦੇਸ਼ ਜਲੰਧਰ ਦੇ ਲਗਭਗ 330 ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਸਵੇਰ ਦੀਆਂ ਸਭਾਵਾਂ ਵਿੱਚ ਸੁਣਾਏ ਗਏ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਾਨੂੰਨ ਲਾਗੂ ਕਰਨ ਦਾ ਮੁੱਦਾ ਨਹੀਂ, ਸਗੋਂ ਇੱਕ ਸਮਾਜਿਕ-ਕਾਨੂੰਨੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਡੀ.ਐਲ.ਐਸ.ਏ. ਨੇ ਪਿੰਡਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਪਹੁੰਚਾਉਣ ਲਈ ਆਪਣੀ ਪੂਰੀ ਟੀਮ ਨੂੰ ਤਾਇਨਾਤ ਕੀਤਾ। ਇਸ ਦੌਰਾਨ ਕਾਨੂੰਨੀ ਸਾਖਰਤਾ ਕੈਂਪ ਲਗਾਏ ਗਏ ਅਤੇ ਸੈਮੀਨਾਰਾਂ ਵਿੱਚ ਮੈਡੀਕਲ ਮਾਹਰਾਂ ਅਤੇ ਨਸ਼ਾ ਛੱਡ ਚੁੱਕੇ ਵਿਅਕਤੀਆਂ ਵੱਲੋਂ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ।
ਡੀ.ਐਲ.ਐਸ.ਏ. ਜਲੰਧਰ ਨੇ ਪ੍ਰੈਸ, ਸਿਵਲ ਸੁਸਾਇਟੀ ਅਤੇ ਆਮ ਜਨਤਾ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ । ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਸਹੂਲਤਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਲਈ ਹੈਲਪਲਾਈਨ: 15100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਅਤੇ ਰਾਹੁਲ ਕੁਮਾਰ ਵੱਲੋਂ ਲਗਭਗ 50 ਪੈਨਲ ਵਕੀਲਾਂ, ਐਲ.ਏ.ਡੀ.ਸੀ., ਪੀ.ਐਲ.ਵੀਜ਼ ਅਤੇ ਸਟਾਫ਼ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਿਵਲ ਜੱਜ ਅਰਜਨ ਸਿੰਘ ਸੰਧੂ ਅਤੇ ਮਾਣਿਕ ਕੌੜਾ, ਮੁੱਖ ਐਲ.ਏ.ਡੀ.ਸੀ. ਹਰਨੇਕ ਸਿੰਘ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਡਿਪਟੀ ਮੈਡੀਕਲ ਕਮਿਸ਼ਨਰ ਜਸਵਿੰਦਰ ਸਿੰਘ, ਸੀਨੀਅਰ ਸਹਾਇਕ ਜਗਨ ਨਾਥ ਅਤੇ ਪੈਰਾ ਲੀਗਲ ਵਲੰਟੀਅਰ ਵੀ ਮੌਜੂਦ ਸਨ।
Trending
- ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ,ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧੀਆਂ
- 17 ਜਨਵਰੀ ਨੂੰ ਪੰਜਾਬ ਦੇ ਇੱਕ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ
- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਮੁਹਿੰਮ ਸਫ਼ਲਤਾਪੂਰਵਕ ਸਮਾਪਤ
- ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਵੀ ਕੀਤਾ ਜਾਗਰੂਕ
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੇਅਰ ਵਿਨੀਤ ਧੀਰ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
- ‘ਯੁੱਧ ਨਸ਼ਿਆਂ ਵਿਰੁੱਧ’; ਰਾਜਨ ਨਗਰ ਵਿਖੇ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਨੂੰ ਢਾਹਿਆ
- ਵਿਧਾਇਕ ਬੱਗਾ ਨੇ ਵੈਸ਼ਨੋ ਕਲੋਨੀ ‘ਚ ਜਲ ਸਪਲਾਈ ਕਾਰਜ਼ਾਂ ਦਾ ਕੀਤਾ ਉਦਘਾਟਨ
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਾਰਡ ਨੰਬਰ 2 ‘ਚ ਨਵੇਂ ਪਾਰਕ ਦੇ ਨਿਰਮਾਣ ਕਾਰਜ਼ਾਂ ਦਾ ਕੀਤਾ ਉਦਘਾਟਨ


