ਜਲੰਧਰ, 5 ਜਨਵਰੀ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ, ਜਿਸ ਸਦਕਾ ਨਸ਼ਾ ਮੁਕਤ ਵਿਅਕਤੀ ਨਾ ਸਿਰਫ਼ ਸਿਹਤਮੰਦ ਜੀਵਨ ਸ਼ੈਲੀ ਵੱਲ ਵਾਪਸੀ ਕਰ ਰਹੇ ਹਨ, ਸਗੋਂ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ ਰੋਜ਼ਗਾਰ ਦੇ ਮੌਕੇ ਵੀ ਹਾਸਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸ਼ੇਖੇ ਵਿਖੇ ਦਾਖ਼ਲ 8 ਨਸ਼ਾ ਪ੍ਰਭਾਵਿਤ ਮਰੀਜ਼ਾਂ ਨੂੰ ਢੁੱਕਵਾਂ ਇਲਾਜ, ਕਾਊਂਸਲਿੰਗ ਅਤੇ ਹੁਨਰ ਸਿਖ਼ਲਾਈ ਪ੍ਰਦਾਨ ਕਰਨ ਉਪਰੰਤ ਸਫ਼ਲਤਾਪੂਰਵਕ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਇਨ੍ਹਾਂ ਵਿੱਚੋਂ ਜਿਥੇ 7 ਵਿਅਕਤੀਆਂ ਦੀ ਵੱਖ-ਵੱਖ ਕੰਪਨੀਆਂ ਵਿੱਚ ਪਲੇਸਮੈਂਟ ਕਰਵਾਈ ਗਈ ਹੈ, ਉਥੇ ਇਕ ਵਿਅਕਤੀ ਵੱਲੋਂ ਕੇਂਦਰ ਵਿਖੇ ਪ੍ਰਦਾਨ ਕੀਤੀ ਜਾਂਦੀ ਹੁਨਰ ਸਿਖ਼ਲਾਈ ਹਾਸਲ ਕਰਨ ਉਪਰੰਤ ਕਪੂਰਥਲਾ ਵਿਖੇ ਆਪਣਾ ਇਲੈਕਟ੍ਰੀਸ਼ਨ ਵਜੋਂ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਕੇਂਦਰ ਵਿੱਚ ਕੰਪਿਊਟਰ, ਇਲੈਕਟ੍ਰੀਸ਼ੀਅਨ ਦੀ ਸਿਖ਼ਲਾਈ ਪ੍ਰਦਾਨ ਕੀਤੀ ਗਈ ਸੀ, ਜੋ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੋਜ਼ਗਾਰ ਯੋਗ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਤੇ ਵਿਧਾਇਕ ਬਲਕਾਰ ਸਿੰਘ ਸਮੇਤ ਨਵੀਨੀਕਰਨ ਕੀਤੇ ਇਸ ਮਾਡਲ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨੂੰ ਅਕਤੂਬਰ 2025 ਵਿੱਚ ਸਮਰਪਿਤ ਕੀਤਾ ਸੀ। ਇਸ ਕੇਂਦਰ ਨੂੰ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਵਿਆਪਕ ਇਲਾਜ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਡਾ. ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸ਼ੇਖੇ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਇਸ ਕੇਂਦਰ ਨੂੰ ਅਤਿ ਆਧਨਿਕ ਜਿੰਮ, ਲਾਇਬ੍ਰੇਰੀ, ਕੰਪਿਊਟਰ ਤੇ ਇਲੈਕਟ੍ਰੀਕਲ ਲੈਬਜ਼ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਵਿਖੇ ਕੰਪਿਊਟਰ, ਇਲੈਕਟ੍ਰੀਸ਼ੀਅਨ, ਫੁੱਟਬਾਲ ਸਟਿਚਿੰਗ ਸਮੇਤ ਵੱਖ-ਵੱਖ ਕਿੱਤਾ ਮੁੱਖੀ ਕੋਰਸ ਵੀ ਨਿਯਮਿਤ ਚਲਾਏ ਜਾ ਰਹੇ ਹਨ, ਤਾਂ ਜੋ ਕੇਂਦਰ ਵਿਖੇ ਦਾਖ਼ਲ ਨੌਜਵਾਨਾਂ ਲਈ ਨਸ਼ਾ ਮੁਕਤ ਹੋਣ ਉਪਰੰਤ ਰੋਜ਼ਗਾਰ ਲਈ ਰਾਹ ਪੱਧਰਾ ਕੀਤਾ ਜਾ ਸਕੇ।
ਡਾ. ਅਗਰਵਾਲ ਨੇ ਮੁੜ ਵਸੇਬਾ ਕੇਂਦਰ ਸ਼ੇਖੇ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਮੁੜ ਵਸੇਬੇ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਢੁੱਕਵਾਂ ਇਲਾਜ, ਸੁਚੱਜੀ ਦੇਖਭਾਲ ਅਤੇ ਹੁਨਰ ਸਿਖ਼ਲਾਈ, ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਸਮਾਜ ਨਾਲ ਮੁੜ ਜੋੜਨ ਲਈ ਬਹੁਤ ਮਹੱਤਵਪੂਰਣ ਹੈ।


