ਜਲੰਧਰ, 5 ਜਨਵਰੀ : ਜਲੰਧਰ ਦੇ ਖੇਡਾਂ ਅਤੇ ਚਮੜਾ ਉਦਯੋਗ ਨੂੰ ਵਿਸ਼ਵ ਭਰ ਵਿੱਚ ਮੁਕਾਬਲੇ ਦਾ ਬਣਾਉਣ ਦੇ ਉਦੇਸ਼ ਨਾਲ ਇੱਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਜਲੰਧਰ ਵਿੱਚ ਇੱਕ ਐਕਸਟੈਂਸ਼ਨ ਸੈਂਟਰ ਖੋਲ੍ਹਣ ਲਈ ਐਮ.ਐਸ.ਐਮ.ਈ.-ਟੈਕਨਾਲੋਜੀ ਵਿਕਾਸ ਕੇਂਦਰ (ਪੀ.ਪੀ.ਡੀ.ਸੀ.), ਮੇਰਠ ਨਾਲ ਇੱਕ ਐਮ.ਓ.ਯੂ. ‘ਤੇ ਹਸਤਾਖਰ ਕੀਤੇ ਗਏ।
ਪੰਜਾਬ ਦੇ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਖੇਡਾਂ ਦੇ ਨਿਰਮਾਣ ਸਬੰਧੀ ਭਾਗੀਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ ਕਿਉਂਜੋ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਇਹ ਕੇਂਦਰ ਇੱਥੇ ਖੋਲ੍ਹਿਆ ਜਾਵੇਗਾ, ਜੋ ਖੋਜ ਅਤੇ ਵਿਕਾਸ (ਆਰ ਐਂਡ ਡੀ) ਨੂੰ ਯਕੀਨੀ ਬਣਾ ਕੇ ਖੇਡ ਉਦਯੋਗ ਨੂੰ ਹੁਲਾਰਾ ਦੇਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸ਼ਹਿਰ ਦੇ ਵਿਸ਼ਵ ਪੱਧਰ ‘ਤੇ ਪ੍ਰਸਿੱਧ ਖੇਡ ਸਾਮਾਨ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰੋਸੈੱਸ ਕਮ ਪ੍ਰੋਡਕਟ ਡਿਵੈਲਪਮੈਂਟ ਸੈਂਟਰ (ਪੀ.ਪੀ.ਡੀ.ਸੀ.), ਮੇਰਠ ਅਤੇ ਸਰਕਾਰੀ ਲੈਦਰ ਐਂਡ ਫੁੱਟਵੀਅਰ ਟੈਕਨਾਲੋਜੀ ਇੰਸਟੀਚਿਊਟ (ਜੀ.ਆਈ.ਐਲ.ਐਫ.ਟੀ.), ਜਲੰਧਰ ਵਿਚਕਾਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਤਕਨਾਲੋਜੀ ਐਕਸਟੈਂਸ਼ਨ ਸੈਂਟਰ ਸਥਾਪਤ ਕਰਨ ਲਈ ਐਮ.ਓ.ਯੂ. ‘ਤੇ ਹਸਤਾਖਰ ਕੀਤੇ ਗਏ ਹਨ। ਸ਼੍ਰੀ ਅਰੋੜਾ ਨੇ ਕਿਹਾ ਕਿ ਇਸ ਸਮਝੌਤੇ ‘ਤੇ ਰਸਮੀ ਤੌਰ ‘ਤੇ ਪੀ.ਪੀ.ਡੀ.ਸੀ. ਮੇਰਠ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਜੀ.ਆਈ.ਐਲ.ਐਫ.ਟੀ. ਜਲੰਧਰ ਦੇ ਪ੍ਰਿੰਸੀਪਲ ਰੋਹਿਤ ਦਹੀਆ ਨੇ ਦਸਤਖਤ ਕੀਤੇ ਹਨ।
ਕੈਬਨਿਟ ਮੰਤਰੀ ਨੇ ਇਸ ਪਹਿਲਕਦਮੀ ਨੂੰ ਕ੍ਰਾਂਤੀਕਾਰੀ ਪਹਿਲ ਦੱਸਿਆ, ਜਿਸ ਸਦਕਾ ਜਲੰਧਰ ਦੇ ਖੇਡ ਉਦਯੋਗ ਨੂੰ ਦੁਨੀਆ ਦੇ ਪ੍ਰਮੁੱਖ ਨਿਰਮਾਣ ਕੇਂਦਰਾਂ ਵਿੱਚ ਜਗ੍ਹਾ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਤਕਨਾਲੋਜੀ ਵਿਸਥਾਰ ਕੇਂਦਰ, ਜੋ ਕਿ 10 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ, ਵਿਕਸਤ ਹੋ ਰਹੇ ਵਿਸ਼ਵ ਪੱਧਰੀ ਮਿਆਰਾਂ ਨੂੰ ਪੂਰਾ ਕਰਨ ਲਈ ਟੈਸਟਿੰਗ, ਸਿਖ਼ਲਾਈ, ਹੁਨਰ ਵਿਕਾਸ ਅਤੇ ਖੋਜ ਤੇ ਵਿਕਾਸ (ਆਰ ਐਂਡ ਡੀ) ਲਈ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ। ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਭਾਰਤ ਦੇ ਖੇਡਾਂ ਦੇ ਸਮਾਨ ਦੇ ਨਿਰਮਾਣ ਵਿੱਚ ਪੰਜਾਬ ਸਭ ਤੋਂ ਵੱਡੇ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਉਭਰਿਆ ਹੈ, ਜਿਸਦਾ ਰਾਸ਼ਟਰੀ ਉਤਪਾਦਨ ’ਚ ਲਗਭਗ 65 ਫੀਸਦੀ ਅਤੇ ਨਿਰਯਾਤ ’ਚ ਲਗਭਗ 70 ਪ੍ਰਤੀਸ਼ਤ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਕੱਲੇ ਜਲੰਧਰ ਵਿੱਚ 1,000 ਤੋਂ ਵੱਧ ਨਿਰਮਾਣ ਇਕਾਈਆਂ ਹਨ ਅਤੇ 150 ਤੋਂ ਵੱਧ ਅੰਤਰਰਾਸ਼ਟਰੀ ਬਾਜ਼ਾਰਾਂ ਨੂੰ ਖੇਡਾਂ ਦੇ ਸਾਮਾਨ ਦੀ ਸਪਲਾਈ ਕਰਦਾ ਹੈ। ਸ਼੍ਰੀ ਅਰੋੜਾ ਨੇ ਅੱਗੇ ਕਿਹਾ ਕਿ ਨਵਾਂ ਕੇਂਦਰ ਸਥਾਨਕ ਉਦਯੋਗ ਨੂੰ ਤੇਜ਼ੀ ਨਾਲ ਫੈਲ ਰਹੇ ਗਲੋਬਲ ਬਾਜ਼ਾਰ ਵਿੱਚ ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਮਦਦ ਕਰੇਗਾ। ਵਿਸ਼ਵਵਿਆਪੀ ਰੁਝਾਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਖੇਡ ਉਪਕਰਣ ਬਾਜ਼ਾਰ, ਜਿਸਦੀ ਕੀਮਤ 2024 ਵਿੱਚ ਲਗਭਗ 180 ਬਿਲੀਅਨ ਅਮਰੀਕੀ ਡਾਲਰ ਸੀ, 2030 ਤੱਕ 6.8 ਪ੍ਰਤੀਸ਼ਤ ਦੀ ਸੀ.ਏ.ਜੀ.ਆਰ. ਨਾਲ ਵਧਣ ਦਾ ਅਨੁਮਾਨ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਦੀ ਖੇਡ ਅਰਥ ਵਿਵਸਥਾ ਦੇ 2030 ਤੱਕ 80-90 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਪੰਜਾਬ ਇਸ ਵਿਕਾਸ ਦੀ ਕਹਾਣੀ ਵਿੱਚ ਇੱਕ ਫੈਸਲਾਕੁੰਨ ਭੂਮਿਕਾ ਨਿਭਾਉਂਦਾ ਰਹੇਗਾ। ਸ਼੍ਰੀ ਅਰੋੜਾ ਨੇ ਕਿਹਾ ਕਿ ਟੈਕਨਾਲੋਜੀ ਵਿਸਥਾਰ ਕੇਂਦਰ ਖੇਡਾਂ ਅਤੇ ਚਮੜਾ ਉਦਯੋਗ ਦੀਆਂ ਖਾਸ ਜ਼ਰੂਰਤਾਂ ਨੂੰ ਸਮਝਣ ਅਤੇ ਆਧੁਨਿਕ ਤਕਨੀਕ, ਆਟੋਮੇਸ਼ਨ ਅਤੇ ਟਿਕਾਊ ਨਿਰਮਾਣ ਅਭਿਆਸਾਂ ਅਨੁਸਾਰ ਹੁਨਰਮੰਦ ਕਿਰਤ ਸ਼ਕਤੀ ਤਿਆਰ ਕਰਨ ‘ਤੇ ਧਿਆਨ ਕੇਂਦਰਿਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਲਈ ਜ਼ਮੀਨ ਮੁਹੱਈਆ ਕਰਵਾ ਦਿੱਤੀ ਹੈ, ਜੋ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਦਯੋਗਿਕ ਵਿਕਾਸ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।
ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਘਰੇਲੂ ਉਤਪਾਦਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਜਾਣ ਵਾਲੇ ਕਈ ਉਪਰਾਲਿਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਬੰਧਤ ਉਦਯੋਗਾਂ ਦੇ ਭਾਗੀਦਾਰਾਂ ਨਾਲ ਪੂਰੇ ਸਲਾਹ-ਮਸ਼ਵਰੇ ਤੋਂ ਬਾਅਦ ਕਈ ਅਹਿਮ ਸੁਧਾਰ ਕੀਤੇ ਗਏ ਸਨ। ਸ਼੍ਰੀ ਅਰੋੜਾ ਨੇ ਰਾਜ ਦੇ ਖੇਡ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਵਾਲੇ ਇਸ ਇਤਿਹਾਸਕ ਸਮਾਗਮ ਵਿੱਚ ਸਾਰਿਆਂ ਦਾ ਸਵਾਗਤ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਲੰਧਰ ਖੇਡ ਉਦਯੋਗ ਦਾ ਇੱਕ ਕੇਂਦਰ ਹੈ ਅਤੇ ਇੱਥੇ ਬਣਾਏ ਜਾਣ ਵਾਲੇ ਉਤਪਾਦ ਦੁਨੀਆ ਭਰ ਵਿੱਚ ਪ੍ਰਸਿੱਧ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਨੀਤੀ ਆਯੋਗ ਅਤੇ ਭਾਰਤ ਸਰਕਾਰ ਦਾ ਸਾਂਝਾ ਯਤਨ ਹੈ, ਜਿਸ ਦਾ ਉਦੇਸ਼ ਸੂਬੇ ਦੇ ਖੇਡ ਉਦਯੋਗ ਨੂੰ ਹੋਰ ਪ੍ਰਫੁਲਿਤ ਕਰਨਾ ਹੈ।
ਸ੍ਰੀ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਸਪੋਰਟਸ ਗੁਡ ਮੈਨੂਫੈਕਰਿੰਗ ਸਬੰਧੀ ਭਾਗੀਦਾਰਾਂ ਦੀ ਇਹ ਮੀਟਿੰਗ ਖੇਡਾਂ ਦੇ ਸਮਾਨ ਦੇ ਨਿਰਮਾਣ ਵਿੱਚ ਸਫ਼ਲਤਾ ਦੀ ਇਕ ਨਵੀਂ ਕਹਾਣੀ ਲਿਖਣ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਖੇਡਾਂ ਦਾ ਸਾਮਾਨ ਬਣਾਉਣ ਵਿੱਚ ਮੋਹਰੀ ਸੂਬਾ ਬਣਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਮਜ਼ਬੂਤ ਈਕੋ ਸਿਸਟਮ ਨਾਲ ਸੂਬਾ ਨਾ ਸਿਰਫ਼ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਦਾ ਹੈ ਸਗੋਂ ਵਿਸ਼ਵ ਪੱਧਰ ’ਤੇ ਖੇਡਾਂ ਦਾ ਸਾਮਾਨ ਨਿਰਯਾਤ ਕਰਕੇ ਵਿਸ਼ਵ ਵਿਆਪੀ ਬਾਜ਼ਾਰਾਂ ਦੀ ਮੰਗ ਨੂੰ ਵੀ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੇ ਉਤਪਾਦਨ ਅਤੇ ਖੇਡਾਂ ਦੇ ਸਾਮਾਨ ਦੇ ਨਿਰਯਾਤ ਵਿੱਚ ਹੁਨਰਮੰਦ ਮੈਨ ਪਾਵਰ, ਕਲੱਸਟਰ ਆਧਾਰਿਤ ਨਿਰਮਾਣ ਅਤੇ ਮਜ਼ਬੂਤ ਨੀਤੀਆਂ ਸਦਕਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪੰਜਾਬ ਪਰੰਪਰਾਗਤ ਰਵਾਇਤੀ ਕਾਰੀਗਾਰੀ ਤੋਂ ਸੰਗਠਿਤ, ਨਿਰਯਾਤ ਕੇਂਦਰਿਤ ਨਿਰਮਾਣ ਦੇ ਖੇਤਰ ਵਜੋਂ ਵਿਕਸਿਤ ਹੋਇਆ ਹੈ, ਜੋ ਅੰਤਰਰਾਸ਼ਟਰੀ ਬਰਾਂਡਾਂ ਅਤੇ ਖੇਡ ਫੈਡਰੇਸ਼ਨਾਂ ਅਤੇ ਖ਼ਰੀਦ ਸੰਸਥਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਸਿੱਧੇ ਤੌਰ ’ਤੇ 150000 ਲੋਕਾਂ ਅਤੇ ਅਸਿੱਧੇ ਤੌਰ ’ਤੇ 300000 ਲੋਕਾਂ ਨੂੰ ਲੋਜਿਸਟਿਕ ਅਤੇ ਪੈਕੇਜਿੰਗ ਤੇ ਹੋਰ ਸੇਵਾਵਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦਾ ਮੁੱਖ ਨਿਰਮਾਤਾ ਕੇਂਦਰ ਜਲੰਧਰ ਵਿਖੇ ਸਥਿਤ ਹੈ, ਜਿਥੇ 1000 ਤੋਂ ਵੱਧ ਨਿਰਮਾਣ ਯੂਨਿਟ ਹਨ ਅਤੇ ਭਾਰਤ ਵਿੱਚ ਖੇਡਾਂ ਦੇ ਸਾਮਾਨ ਦੇ ਉਤਪਾਦਨ ਅਤੇ ਨਿਰਯਾਤ ਲਈ ਮੁੱਖ ਕੇਂਦਰ ਵਿੱਚੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਾ ਕਲੱਸਟਰ ਵਿਸ਼ਵਪੱਧਰ ’ਤੇ ਖਾਸਕਰ ਹੱਥ ਨਾਲ ਸਿਲਾਈ ਵਾਲੇ ਫੁੱਟਬਾਲ, ਕ੍ਰਿਕਿਟ ਗਿਅਰ, ਸੁਰੱਖਿਆਤਮਕ ਖੇਡ ਉਪਕਰਣਾਂ ਅਤੇ ਫਿਟਨੈਸ ਉਤਪਾਦਾਂ ਲਈ ਜਾਣਿਆ ਜਾਂਦਾ ਹੈ, ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਜ਼ਰੂਰਤਾਂ ਪੂਰਾ ਕਰਦਾ ਹੈ। ਸ਼੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਪੰਜਾਬ ਆਧਾਰਿਤ ਨਿਰਮਾਤਾ ਵਿਸ਼ਵ ਪੱਧਰੀ ਬਰਾਂਡ ਜਿਵੇਂ ਕਿ ਐਡੀਡਾਸ, ਨਾਈਕੀ, ਪਿਊਮਾ, ਡੀਕੈਥਾਲੋਨ ਅਤੇ ਨਿਊ ਬੈਲੇਂਸ ਨੂੰ ਉਪਕਰਣ ਸਪਲਾਈ ਕਰਦੇ ਹਨ, ਜਿਸ ਨਾਲ ਪੰਜਾਬ ਦੀ ਵਿਸ਼ਵ ਪੱਧਰ ’ਤੇ ਗਲੋਬਲ ਸੋਰਸਿੰਗ ਬੇਸ ਵਜੋਂ ਸਥਿਤੀ ਹੋਰ ਮਜ਼ਬੂਤ ਹੁੰਦੀ ਹੈ।
ਸ਼੍ਰੀ ਅਰੋੜਾ ਨੇ ਕਿਹਾ ਕਿ ਖੇਡਾਂ ਦੇ ਸਮਾਨ ਦੇ ਨਿਰਮਾਣ ਵਿੱਚ ਪੰਜਾਬ ਦੀ ਮੁਕਾਬਲੇਬਾਜ਼ੀ ਇਸ ਦੀ ਰਣਨੀਤਿਕ ਪਹੁੰਚ, ਹੁਨਰਮੰਦ ਕਾਮੇ ਅਤੇ ਨਿਵੇਸ਼ ਪੱਖੀ ਵਾਤਾਵਰਣ ਤੋਂ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਐਨ.ਸੀ.ਆਰ. ਤੱਕ ਬਿਹਤਰ ਸੜਕੀ ਤੇ ਰੇਲਵੇ ਸੰਪਰਕ, ਹਵਾਈ ਅੱਡਿਆਂ ਤੱਕ ਸੁਖਾਲੀ ਪਹੁੰਚ ਅਤੇ ਸੰਗਠਿਤ ਬੁਨਿਆਦੀ ਢਾਂਚਾ ਅਤੇ ਅਸਰਦਾਰ ਸਪਲਾਈ ਚੇਨ ਵੀ ਇਸ ਦੇ ਲਈ ਮਹੱਤਪੂਰਣ ਹਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਸੂਬੇ ਦੀ ਖੇਡਾਂ ਦਾ ਸਮਾਨ ਬਣਾਉਣ ਵਿੱਚ ਲੰਬੇ ਸਮੇਂ ਦੀ ਮੁਹਾਰਤ , ਐਮ.ਐਸ.ਐਮ.ਈਜ਼ ਨਾਲ ਮਜ਼ਬੂਤ ਈਕੋ-ਸਿਸਟਮ, ਕੰਪੋਨੈਟ ਸਪਲਾਇਰ ਅਤੇ ਐਕਸਪੋਰਟ ਓਰੀਐਂਟਿਡ ਯੂਨਿਟਾਂ, ਕੀਮਤਾਂ ਵਿੱਚ ਕਮੀ ਅਤੇ ਪ੍ਰਗਤੀ ਵਿੱਚ ਵਾਧੇ ਦੀਆਂ ਪ੍ਰਕਿਰਿਆਵਾਂ ਨੂੰ ਵਧਾਉਂਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਲੋਂ ਤਕਨਾਲੋਜੀ ਦੀ ਅਪਗ੍ਰੇਡੇਸ਼ਨ, ਆਟੋਮੇਸ਼ਨ, ਮਿਆਰੀ ਸਾਮਾਨ ਅਤੇ ਦਰਾਮਦ ਦੇ ਪਸਾਰ ’ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਘਰੇਲੂ ਮੰਗ, ਨਿਰਯਾਤ ਵਿੱਚ ਵਾਧਾ ਅਤੇ ਵਿਸ਼ਵ ਪੱਧਰੀ ਸਪਲਾਈ ਚੇਨ ਨੂੰ ਸ਼ਾਮਿਲ ਕਰਦਿਆਂ ਸੂਬਾ ਦੇਸ਼ ਭਰ ਵਿੱਚ ਖੇਡਾਂ ਦੇ ਸਮਾਨ ਦੇ ਨਿਰਮਾਣ ਵਿੱਚ ਮੋਹਰੀ ਰਿਹਾ ਹੈ । ਸ੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਖੇਡ ਉਦਯੋਗ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ.ਸਿਨਹਾ, ਵਾਈਸ ਚੇਅਰਮੈਨ ਨੀਤੀ ਆਯੋਗ ਸੁਮਨ ਬੇਰੀ, ਸੀਨੀਅਰ ਸਲਾਹਕਾਰ ਨੀਤੀ ਆਯੋਗ ਸਨਜੀਤ ਸਿੰਘ ਅਤੇ ਪ੍ਰਸ਼ਾਸਕੀ ਸਕੱਤਰ ਉਦਯੋਗ ਕਮਲ ਕਿਸ਼ੋਰ ਯਾਦਵ ਵਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਿਰਮਾਣ ਨੂੰ ਕਾਇਮ ਰੱਖਣ ਲਈ ਟੈਕਨਾਲੋਜੀ ਦੀ ਅਪਗ੍ਰੇਡੇਸ਼ਨ ਅਤੇ ਨਵੀਆਂ ਖੋਜਾਂ ਦੀ ਮਹੱਤਤਾ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।
ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ਼੍ਰੀ ਮੋਹਿੰਦਰ ਭਗਤ ਨੇ ਨੀਤੀ ਆਯੋਗ ਅਤੇ ਪੰਜਾਬ ਸਰਕਾਰ ਦਾ ਜਲੰਧਰ ਜ਼ਿਲ੍ਹੇ ਨੂੰ ਨਵਾਂ ਤੋਹਫ਼ਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਪਹਿਲਕਦਮੀ ਵਿਸ਼ਵ ਪੱਧਰ ਦੇ ਮੁਕਾਬਲੇ ਦਾ ਸਾਹਮਣਾ ਕਰਨ ਲਈ ਜਲੰਧਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਪੂਰਣ ਯੋਗਦਾਨ ਪਾਏਗੀ। ਉਨ੍ਹਾਂ ਜਲੰਧਰ ਦੀ ਖੇਡ ਇੰਡਸਟਰੀ ਨੂੰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਸੂਬੇ ਦੀ ਉਦਯੋਗਿਕ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਖੇਡਾਂ ਦੇ ਸਮਾਨ ਦੇ ਖੇਤਰ ਨੇ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਅਤੇ ਜਲੰਧਰ ਨੂੰ ਵਿਸ਼ਵ ਨਿਰਮਾਣ ਦੇ ਨਕਸ਼ੇ ’ਤੇ ਵੱਖਰੀ ਪਹਿਚਾਣ ਦਿੱਤੀ ਹੈ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਸੰਸਥਾਵਾਂ ਦੇ ਲਗਾਤਾਰ ਸਹਿਯੋਗ ਅਤੇ ਉਸਾਰੂ ਨੀਤੀਆਂ ਸਦਕਾ ਉਦਯੋਗਿਕ ਖੇਤਰ ਨਵੀਆਂ ਬੁਲੰਦੀਆਂ ਨੂੰ ਛੋਹੇਗਾ ਅਤੇ ਸੂਬੇ ਅਤੇ ਆਰਥਿਕ ਵਿਕਾਸ ਤੇ ਰੋਜ਼ਗਾਰ ਉਤਪਤੀ ਵਿੱਚ ਵੱਡਮੁੱਲਾ ਯੋਗਦਾਨ ਪਾਏਗਾ।
ਟੈਕਨਾਲੋਜੀ ਐਕਸਟੈਂਸ਼ਨ ਸੈਂਟਰ ਦੀ ਸਥਾਪਨਾ ’ਤੇ ਜਲੰਧਰ ਦੀ ਸਪੋਰਟਸ ਇੰਡਸਟਰੀ ਨੂੰ ਵਧਾਈ ਦਿੰਦਿਆਂ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਸਥਾਨਕ ਨਿਰਮਾਤਾਵਾਂ ਨੂੰ ਮਿਆਰੀ ਨਿਰਮਾਣ ਅਤੇ ਨਵੀਨਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਖੇਤਰ ਵਿੱਚ ਲਗਾਤਾਰ ਨਿਵੇਸ਼ ਨਾਲ ਮਜ਼ਬੂਤ ਵਿਸ਼ਵ ਪੱਧਰੀ ਬਰਾਂਡ ਨਿਰਮਾਣ ਦਾ ਰਾਹ ਪੱਧਰਾ ਕਰੇਗਾ।
ਇਸ ਤੋਂ ਪਹਿਲਾਂ ਨੀਤੀ ਆਯੋਗ ਦੀ ਟੀਮ ਵਲੋਂ ਜਲੰਧਰ ਦੀਆਂ ਪ੍ਰਮੁੱਖ ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਇਕਾਈਆਂ, ਜਿਨ੍ਹਾਂ ਵਿੱਚ ਸਾਵੀ ਇੰਟਰਨੈਸ਼ਨਲ, ਅਲਫਾ ਹਾਕੀ ਅਤੇ ਸ਼੍ਰੇਅ ਸਪੋਰਟਸ ਸ਼ਾਮਿਲ ਹਨ, ਦਾ ਦੌਰਾ ਕੀਤਾ ਗਿਆ। ਸਾਵੀ ਇੰਟਰਨੈਸ਼ਨਲ ਦੇ ਮੁਕੁਲ ਵਰਮਾ ਵਲੋਂ ਦੱਸਿਆ ਗਿਆ ਕਿ ਵਿਸ਼ਵ ਪੱਧਰੀ ਮੰਚ ’ਤੇ ਜਲੰਧਰ ਵਿਖੇ ਬਣਾਏ ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਮਹਿਲਾਵਾਂ ਦੇ ਰਗਬੀ ਵਰਲਡ ਕੱਪ ਵਿੱਚ ਬਾਲਾਂ ਅਤੇ ਹਾਕੀ ਦੇ ਸਮਾਨ ਦੀ ਵਰਤੋਂ ਕੀਤੀ ਗਈ ਹੈ।
ਜਲੰਧਰ ਵਿਖੇ ਬਣਾਏ ਗਏ ਖੇਡਾਂ ਦੇ ਸਮਾਨ , ਸੁਰੱਖਿਆ ਗੇਅਰ ਅਤੇ ਹੋਰ ਸਬੰਧਿਤ ਉਪਕਰਣਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਨੀਤੀ ਨਿਰਮਾਤਾਵਾਂ ਅਤੇ ਉਦਯੋਗਪਤੀਆ ਵਲੋਂ ਪ੍ਰਸ਼ੰਸਾ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਪੰਜਾਬ ਸਮਾਲ ਸਕੇਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਦਿਨੇਸ਼ ਢੱਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।
Trending
- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਮੁਹਿੰਮ ਸਫ਼ਲਤਾਪੂਰਵਕ ਸਮਾਪਤ
- ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਵੀ ਕੀਤਾ ਜਾਗਰੂਕ
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੇਅਰ ਵਿਨੀਤ ਧੀਰ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
- ‘ਯੁੱਧ ਨਸ਼ਿਆਂ ਵਿਰੁੱਧ’; ਰਾਜਨ ਨਗਰ ਵਿਖੇ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਨੂੰ ਢਾਹਿਆ
- ਵਿਧਾਇਕ ਬੱਗਾ ਨੇ ਵੈਸ਼ਨੋ ਕਲੋਨੀ ‘ਚ ਜਲ ਸਪਲਾਈ ਕਾਰਜ਼ਾਂ ਦਾ ਕੀਤਾ ਉਦਘਾਟਨ
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਾਰਡ ਨੰਬਰ 2 ‘ਚ ਨਵੇਂ ਪਾਰਕ ਦੇ ਨਿਰਮਾਣ ਕਾਰਜ਼ਾਂ ਦਾ ਕੀਤਾ ਉਦਘਾਟਨ
- ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜਲਦੀ ਤਿਆਰ ਹੋਣਗੇ 3100 ਖੇਡ ਮੈਦਾਨ: ਹਰਜੋਤ ਸਿੰਘ ਬੈਂਸ
- ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਿੱਚ ‘ਮਿਸ਼ਨ ਜੀਵਨੀ’ ਦੀ ਸ਼ੁਰੂਆਤ, ਮਾਵਾਂ ਦੀ ਮੌਤ ਦਰ ਘਟਾਉਣਾ ਮੁੱਖ ਉਦੇਸ਼
ਭਗਵੰਤ ਮਾਨ ਸਰਕਾਰ ਦੇ ਠੋਸ ਯਤਨਾਂ ਸਦਕਾ ਜਲੰਧਰ ’ਚ ਸਥਾਪਤ ਹੋਵੇਗਾ ਪੀ.ਪੀ.ਡੀ.ਸੀ. ਮੇਰਠ ਦਾ ਐਕਸਟੈਂਸ਼ਨ ਸੈਂਟਰ : ਸੰਜੀਵ ਅਰੋੜਾ
onpoint channel
“I’m a Newswriter, “I write about the trending news events happening all over the world.


