ਜਗਰਾਓਂ, 31 ਦਸੰਬਰ 2025- ਜਗਰਾਓਂ ਦੇ ਟਰੱਕ ਯੂਨੀਅਨ ਕੋਲ ਤੜਕਸਾਰ ਕਰੀਬ ਤਿੰਨ ਵਜੇ ਇੱਕ ਵੱਟਿਆਂ ਨਾਲ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਇੱਕ ਝੁੱਗੀ ‘ਤੇ ਪਲਟ ਕੇ ਡਿੱਗ ਪਿਆ, ਜਿਸ ਨਾਲ ਉਸ ਝੁੱਗੀ ਵਿੱਚ ਰਹਿੰਦੇ ਪਰਿਵਾਰ ਦੇ 6 ਮੈਂਬਰਾਂ ਵਿੱਚੋਂ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਕਰੀਬ ਤਿੰਨ ਵਜੇ ਸਿੱਧਵਾਂ ਬੇਟ ਸਾਈਡ ਤੋਂ ਪੱਥਰਾਂ ਨਾਲ ਭਰਿਆ ਟਰੱਕ ਇੱਕ ਝੌਂਪੜੀ ‘ਤੇ ਜਾ ਪਲਟਿਆ। ਉਸ ਝੌਂਪੜੀ ਵਿੱਚ ਖਿਡੌਣੇ ਵੇਚਣ ਵਾਲੇ ਮਜ਼ਦੂਰ ਝੌਂਪੜੀ ਪਾ ਕੇ ਬੱਚਿਆਂ ਸਮੇਤ ਰਹਿ ਰਹੇ ਸਨ। ਟਰੱਕ ਦੇ ਪਲਟਣ ਨਾਲ ਲਪੇਟ ਵਿੱਚ ਆਏ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ।
ਇਸ ਦਰਦਨਾਕ ਹਾਦਸੇ ਵਿੱਚ ਟਰੱਕ ਦੇ ਪੱਥਰਾਂ ਹੇਠ ਆਏ ਸੱਤ ਸਾਲਾ ਬੱਚੀ ਪਿੰਕੀ ਅਤੇ ਪੰਜ ਸਾਲਾ ਉਸਦਾ ਭਰਾ ਗੋਪਾਲ ਦੀ ਮੌਤ ਹੋ ਗਈ, ਜਦ ਕਿ ਦੋ ਬੱਚਿਆਂ ਨੂੰ ਦੋ ਘੰਟੇ ਦੀ ਜੱਦੋ-ਜਹਿਦ ਕਰਦਿਆਂ ਪੱਥਰ ਪਾਸੇ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਦੌਰਾਨ ਟਰੱਕ ਵਿੱਚ ਫਸਿਆ ਡਰਾਈਵਰ ਟਰੱਕ ਦਾ ਅਗਲਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਵੱਲੋਂ ਜਾਂਚ ਕਰਦਿਆਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਹਾਦਸੇ ‘ਚ ਜਖਮੀ ਹੋਏ ਬਾਕੀ ਮੈਂਬਰਾਂ ਨੂੰ ਵੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਅਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।


