ਬਠਿੰਡਾ, 27 ਦਸੰਬਰ 2025: ਪੰਜਾਬ ਪੁਲਿਸ ਦੀਆਂ ਸਾਲ 2025 ਵਿੱਚ ਪ੍ਰਾਪਤੀਆਂ ਵੀ ਬਹੁਤ ਹੋਈਆਂ, ਪਰ ਲਈ ਪੂਰਾ ਸਾਲ 2025 ਮਨਹੂਸ ਅਤੇ ਬਦਸ਼ਗਨਾ ਮੰਨਿਆ ਜਾ ਰਿਹਾ ਹੈ। ਕੁੱਝ ਕੇਸਾਂ ਨੂੰ ਤਾਂ ਪੁਲਿਸ ਨੇ ਘੰਟਿਆਂ ਵਿੱਚ ਹੀ ਹੱਲ ਕਰ ਦਿੱਤਾ, ਜਦੋਂਕਿ ਕਈ ਮਾਮਲਿਆਂ ਨੂੰ ਲੈ ਕੇ ਪੁਲਿਸ ਦੇ ਅਕਸ ’ਤੇ ਸੰਕਟ ਦੇ ਬੱਦਲ ਛਾਏ ਰਹੇ। ਕਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਪੁਲਿਸ ਦੀ ਵਰਦੀ ਦਾਗਦਾਰ ਹੋਈ ਤਾਂ ਕਥਿਤ ਭ੍ਰਿਸ਼ਟਾਚਾਰ ਨੇ ਵੀ ਪੁਲਿਸ ਦੇ ਮੱਥੇ ਤੇ ਦਾਗ ਲਾਇਆ। ਇਕੱਲੇ ਮੌਜੂਦਾ ਹੀ ਨਹੀਂ ਬਲਕਿ ਐਸਐਸਪੀ ਵਰਗੇ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਇਸੇ ਸਾਲ ਲੇਖੇ ਲੱਗੀਆਂ ਹਨ। ਇਸ ਸਾਲ ਦੌਰਾਨ ਪੰਜਾਬ ਪੁਲਿਸ ਪੁਲਿਸ ਦੀ ਅਪਰਾਧਿਕ ਵਾਰਦਾਤਾਂ ਸੁਲਝਾਉਣ ਦੇ ਮੋਰਚੇ ਤੇ ਕਾਰਗੁਜ਼ਾਰੀ ਕਾਫੀ ਬਿਹਤਰ ਰਹੀ ਅਤੇ ਪੁਲਿਸ ਨੇ ਕਈ ਨਾਮੀ ਬਦਮਾਸ਼ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਜਦੋਂਕਿ ਕਈ ਖਤਰਨਾਕ ਗੈਂਗਸਟਰਾਂ ਨੂੰ ਪੁਲਿਸ ਮੁਕਾਬਲਿਆਂ ਦੌਰਾਨ ਮਾਰ ਮੁਕਾਇਆ। ਇਸ ਦੇ ਬਾਵਜੂਦ ਸਾਰਾ ਸਾਲ ਜੁੜਦੇ ਰਹੇ ਵਿਵਾਦਾਂ ਨੇ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਗ੍ਰਹਿਣ ਲਾਈ ਰੱਖਿਆ।
ਪੁਲਿਸ ਦੀ ਭੂਮਿਕਾ ਦੀ ਪੜਤਾਲ ਕਰਨ ਲਈ ਰਤਾ ਪਿਛੋਕੜ ’ਚ ਜਾਈਏ ਤਾਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਪੁਲਿਸ ਲਈ ਸਾਲ 2025 ਸ਼ੁਰੂ ਤੋਂ ਹੀ ਬਦਸ਼ਗਨੀ ਵਾਲਾ ਰਿਹਾ ਹੈ। ਪੰਜਾਬ ਪੁਲਿਸ ਨੂੰ ਕਟਹਿਰੇ ’ਚ ਖੜ੍ਹਾ ਕਰਨ ਦਾ ਵੱਡਾ ਮਾਮਲਾ 13-14 ਮਾਰਚ ਦੀ ਰਾਤ ਨੂੰ ਢਾਬੇ ’ਤੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਰਿਹਾ ਜਿਸ ਦੀ ਹਾਈਕੋਰਟ ਨੂੰ ਸੀਬੀਆਈ ਜਾਂਚ ਦੇ ਹੁਕਮ ਦੇਣੇ ਪਏ ਸਨ। ਇਸੇ ਤਰਾਂ ਹੀ ਪਟਿਆਲਾ ਜਿਲ੍ਹੇ ’ਚ ਪੁਲਿਸ ਨਾਲ ਮੁਕਾਬਲੇ ਦੌਰਾਨ ਹੋਈ ਇੱਕ ਨੌਜਵਾਨ ਦੀ ਮੌਤ ਵੀ ਵਿਵਾਦਾਂ ’ਚ ਰਹੀ ਅਤੇ ਪੀ੍ਰਵਾਰ ਨੇ ਇਹ ਮੁਕਾਬਲਾ ਫਰਜ਼ੀ ਕਰਾਰ ਦਿੱਤਾ ਸੀ। ਚਰਚਾ ਤਾਂ ਇਹ ਵੀ ਰਹੀ ਕਿ ਇਸ ਪੁਲਿਸ ਮੁਕਾਬਲੇ ਵਿੱਚ ਉਹੀ ਪੁਲਿਸ ਅਫਸਰ ਸ਼ਾਮਲ ਸਨ ਜਿੰਨ੍ਹਾਂ ਨੇ ਇਹ ਮੁਕਾਬਲਾ ਹੋਣ ਪਿੱਛੋਂ ਵਾਪਿਸ ਪਰਤਣ ਮੌਕੇ ਕਰਨਲ ਬਾਠ ਅਤੇ ਉਨ੍ਹਾਂ ਦੇ ਲੜਕੇ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਸੀ।ਅਜੇ ਕਰਨਲ ਬਾਠ ਕੁੱਟਮਾਰ ਕਾਂਡ ਸਬੰਧੀ ਛਪੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਸਾਲ 2007 ’ਚ ਵਾਪਰੇ ਪੰਜਾਬ ਦੇ ਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ’ਚ 18 ਸਾਲ ਬਾਅਦ 7 ਅਪਰੈਲ 2025 ਨੂੰ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤੱਤਕਾਲੀਨ ਐਸਐਸਪੀ ਮੋਗਾ ਦਵਿੰਦਰ ਸਿੰਘ ਗਰਚਾ, ਸਾਬਕਾ ਐੱਸਪੀ ਪਰਮਦੀਪ ਸਿੰਘ ਸੰਧੂ ,ਸਾਬਕਾ ਐਸਐਚਓ ਮੋਗਾ ਰਮਨ ਕੁਮਾਰ ਅਤੇ ਸਾਬਕਾ ਐਸਐਚਓ ਅਮਰਜੀਤ ਸਿੰਘ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਸਾਲ 1993 ਵਿੱਚ ਤਰਨਤਾਰਨ ਜ਼ਿਲ੍ਹੇ ’ਚ ਹੋਏ ਦੋ ਫਰਜ਼ੀ ਪੁਲੀਸ ਮੁਕਾਬਲਿਆਂ ’ਚ ਸੀਬੀਆਈ ਅਦਾਲਤ ਵੱਲੋਂ ਸਾਬਕਾ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਸਾਬਕਾ ਡੀਐੱਸਪੀ ਦਵਿੰਦਰ ਸਿੰਘ, ਖੁਦ ਨੂੰ ਸੂਬਾ ਸਰਹਿੰਦ ਗਰਦਾਨਣ ਵਾਲੇ ਸਾਬਕਾ ਇੰਸਪੈਕਟਰ ਸੂਬਾ ਸਿੰਘ, ਇੰਸਪੈਕਟਰ ਗੁਲਬਰਗ ਸਿੰਘ ਅਤੇ ਰਘਬੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣਾ ਵੀ ਇਸੇ ਸਾਲ ਲੇਖੇ ਲੱਗਿਆ। ਇਨ੍ਹਾਂ ਮੁਕਾਬਲਿਆਂ ’ਚ ਪੁਲਿਸ ਦੇ ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨ ਮਾਰੇ ਗਏ ਸਨ।ਸੀਬੀਆਈ ਵੱਲੋਂ ਰੋਪੜ ਰੇਂਜ ਦੇ ਤੱਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵੀ ਸਾਲ 2025 ’ਚ ਹੋਈ ਹੈ। ਭੁੱਲਰ ਦੇ ਘਰੋਂ 5 ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਕੁੱਝ ਜਾਇਦਾਦਾਂ ਦੇ ਕਾਗ਼ਜ਼ ਬਰਾਮਦ ਹੋਣ ਕਾਰਨ ਪੰਜਾਬ ਪੁਲਿਸ ਨੂੰ ਬਦਨਾਮੀ ਦਿਵਾਉਣ ਵਾਲੇ ਇਸ ਕਾਂਡ ਨੇੇ ਸਮੁੱਚੇ ਪੁਲਿਸੀਆ ਤੰਤਰ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ 2025 ਪੰਜਾਬ ਪੁਲਿਸ ਦੇ ਚੋਟੀ ਦੇ ਅਫਸਰਾਂ ਦੀਆਂ ਮੁਅੱਤਲੀਆਂ ਦੇ ਨਾਮ ਰਿਹਾ ਹੈ ਜਿੰਨ੍ਹਾਂ ਕਾਰਨ ਪੰਜਾਬ ਪੁਲਿਸ ਨੂੰ ਨਮੋਸ਼ੀ ਝੱਲਣੀ ਪਈ ਹੈ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਏਡੀਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਮੁਅੱਤਲੀ ਵੀ ਵੱਡੀਆਂ ਸੁਰਖੀਆਂ ਬਟੋਰਨ ਵਾਲੀ ਰਹੀ। ਜਦੋਂ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਤਾਂ ਉਦੋਂ ਉਹ ਪੰਜਾਬ ਵਿਜੀਲੈਂਸ ਦੇ ਮੁਖੀ ਸਨ।
ਹੁਣ ਜਦੋਂ ਸਾਲ ਖਤਮ ਹੋਣ ਵਿੱਚ ਥੋਹੜਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿੱਚ ਵੱਡਾ ਅਤੇ ਗੰਭੀਰ ਮਾਮਲਾ ਤਰਨ ਤਾਰਨ ਦੀ ਤੱਤਕਾਲੀ ਐਸਐਸਪੀ ਰਵਜੋਤ ਕੌਰ ਗਰੇਵਾਲ ਦਾ ਰਿਹਾ ਜਿੰਨ੍ਹਾਂ ਨੂੰ ਚੋਣ ਕਮਿਸ਼ਨ ਨੇ ਜਿਮਨੀ ਚੋਣ ਦੇ ਚੱਲਦੇ ਅਮਲ ਦੌਰਾਨ ਮੁਅੱਤਲ ਕਰ ਦਿੱਤਾ ਸੀ। ਅਜੇ ਪੰਜਾਬ ਪੁਲਿਸ ਸਦਮੇ ਚੋਂ ਬਾਹਰ ਵੀ ਨਹੀਂ ਨਿਕਲੀ ਸੀ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦਿਹਾਤੀ ਦੇ ਤੱਤਕਾਲੀ ਐਸਐਸਪੀ ਮਨਿੰਦਰ ਸਿੰਘ ਨੂੰ ਨਸ਼ਿਆਂ ਖਿਲਾਫ ਢੁੱਕਵੀਂ ਕਾਰਵਾਈ ਨਾਂ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ। ਏਦਾਂ ਹੀ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਬਰਾੜ ਅਤੇ ਵਿਜੀਲੈਂਸ ਦੇ ਇੱਕ ਏਆਈਜੀ ਵੀ ਮੁਅੱਤਲ ਹੋਏ। ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐਸਪੀ ਗੁਰਸ਼ੇਰ ਸਿੰਘ ਖਿਲਾਫ ਕਾਰਵਾਈ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਕੰਚਨਪ੍ਰੀਤ ਕੌਰ ਨੂੰ ਹਾਈਕੋਰਟ ਵੱਲੋਂ ਰਿਹਾ ਕਰਨ ਕਾਰਨ ਪੰਜਾਬ ਪੁਲਿਸ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਬਠਿੰਡਾ ਵਿਖੇ ਚਿੱਟੇ ਸਮੇਤ ਗ੍ਰਿਫਤਾਰ ਲੇਡੀ ਹੌਲਦਾਰ ਅਮਨਦੀਪ ਕੌਰ ਨੇ ਵੀ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੀ ਬਦਨਾਮੀ ਕਰਵਾਈ ਹੈ। ਇਹ ਕੁੱਝ ਮਹੱਤਵਪੂਰਨ ਮਾਮਲੇ ਹਨ ਜਦੋਂਕਿ ਹੋਰ ਵੀ ਕਈ ਘਟਨਾਵਾਂ ਪੁਲਿਸ ਲਈ ਨਮੋਸ਼ੀਜਨਕ ਰਹੀਆਂ ਹਨ।
ਡੀਐਸਪੀ ਅਤੇ ਥਾਣੇਦਾਰ ਵੀ ਫਸੇ
ਸਾਲ 2025 ਦਾ ਲੇਖਾ ਜੋਖਾ ਕਰਦਿਆਂ ਇਹ ਵੀ ਸਾਹਮਣੇ ਆਇਆ ਕਿ ਇਸ ਦੌਰਾਨ ਕਈ ਡੀਐਸਪੀ ਜਾਂ ਐਸਐਚਓ ਵੀ ਮੁਅੱਤਲੀ ਦੇ ਭੇਂਟ ਚੜ੍ਹੇ ਹਨ। ਹਾਲਾਂਕਿ ਪੰਜਾਬ ਪੁਲਿਸ ’ਚ ਮੁਅੱਤਲ ਰਹਿਣਾ ਸਦੀਵੀ ਨਹੀਂ ਹੁੰਦਾ, ਛੋਟਾ ਵੱਡੇ ਅਧਿਕਾਰੀ ਬਹਾਲ ਹੁੰਦੇ ਰਹੇ ਹਨ। ਸਮਾਜਿਕ ਮਾਹਿਰਾਂ ਨੇ ਪੰਜਾਬ ਪੁਲਿਸ ਨੂੰ ਅਕਸ ਸੁਧਾਰਨ ਦੀ ਸਲਾਹ ਦਿੱਤੀ ਹੈ।


