ਅਸ਼ੋਕ ਵਰਮਾਬਠਿੰਡਾ, 21 ਦਸੰਬਰ 2025: ਪੰਜਾਬ ਸਰਕਾਰ ਵੱਲੋਂ ਬਠਿੰਡਾ ਦਾ ਨਵਾਂ ਬੱਸ ਅੱਡਾ ਬਨਾਉਣ ਦੇ ਐਲਾਨ ਤੋਂ ਬਾਅਦ ਪੁਰਾਣੇ ਬੱਸ ਅੱਡੇ ਦੇ ਨਜ਼ਦੀਕੀ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਹੌਲ ਹੈ। ਪਹਿਲਾਂ ਬਠਿੰਡਾ ਥਰਮਲ ਵਾਲੀ ਜ਼ਮੀਨ ਚੋਂ 30 ਏਕੜ ਜ਼ਮੀਨ ’ਤੇ ਬੱਸ ਅੱਡੇ ਦੀ ਉਸਾਰੀ ਸਬੰਧੀ ਕਿਹਾ ਗਿਆ ਪਰ ਹੁਣ ਇਸ ਪ੍ਰਜੈਕਟ ਲਈ 10 ਏਕੜ ਜਮੀਨ ਰਾਖਵੀਂ ਕੀਤੀ ਗਈ ਹੈ। ਸ਼ਨੀਵਾਰ ਨੂੰ ਪੰਜਾਬ ਵਜ਼ਾਰਤ ਵੱਲੋਂ ਲਏ ਫੈਸਲੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਰਾਣੇ ਬੱਸ ਅੱਡੇ ਲਾਗਲੇ ਦੁਕਾਨਦਾਰਾਂ ਤੋਂ ਇਲਾਵਾ ਮਹਿਣਾ ਚੌਕ ਆਦਿ ਇਲਾਕਿਆਂ ’ਚ ਲੋਕ ਸੁੰਨ ਹੋ ਗਏ ਹਨ। ਕਾਰੋਬਾਰੀਆਂ ਨੂੰ ਉਮੀਦ ਸੀ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬੱਸ ਅੱਡੇ ਲਈ ਲੋਕਾਂ ਦੀ ਸਲਾਹ ਲੈਣ ਦਾ ਐਲਾਨ ਕੀਤਾ ਹੈ ਤਾਂ ਉਨ੍ਹਾਂ ਦੀ ਗੱਲ ਸੁਣੀ ਜਾਏਗੀ। ਹੁਣ ਜਦੋਂ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੈ ਤਾਂ ਕਾਰੋਬਾਰੀਆਂ ਨੂੰ ਆਪਣਾ ਉਜਾੜਾ ਸਪਸ਼ਟ ਦਿਖਾਈ ਦੇਣ ਲੱਗਿਆ ਹੈ।
ਦੁਕਾਨਦਾਰ ਆਖਦੇ ਹਨ ਕਿ ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੰਨ੍ਹਾਂ ਲੀਡਰਾਂ ਨੂੰ ਪਲਕਾਂ ਤੇ ਬਿਠਾਇਆ ਸੀ ਹੁਣ ਉਹੀ ਨੇਤਾ ਆਪਣੇ ਅਤੇ ਧਨਾਢਾਂ ਦੇ ਨਿੱਜੀ ਮੁਫਾਦਾਂ ਕਾਰਨ ਸ਼ਹਿਰ ਦੇ ਵੱਡੇ ਹਿੱਸੇ ਨੂੰ ਪੈਰਾਂ ਹੇਠ ਮਧੋਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਲੋਕ ਰਾਏ ਦੇ ਉਲਟ ਜਾਣ ਦਾ ਥੋਹੜਾ ਜਿਹਾ ਨਤੀਜਾ ਆਮ ਆਦਮੀ ਪਾਰਟੀ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੌਰਾਨ ਦੇਖ ਚੁੱਕੀ ਹੈ ਇਸ ਲਈ ਜੇਕਰ ਬਠਿੰਡਾ ਨਾਲ ਇਹੋ ਵਤੀਰਾ ਜਾਰੀ ਰਿਹਾ ਤਾਂ ਆਉਂਦੇ ਦਿਨੀ ਹਾਕਮ ਧਿਰ ਨੂੰ ਲੋਕ ਵਿਰੋਧੀ ਫੈਸਲੇ ਲੈਣ ਦਾ ਖਮਿਆਜਾ ਭੁਗਤਣਾ ਪਵੇਗਾ। ਇਸ ਗੰਭੀਰ ਮੁੱਦੇ ਤੇ ਸੰਘਰਸ਼ ਕਮੇਟੀ ਰਾਹੀਂ ਸ਼ਹਿਰ ਵਾਸੀਆਂ ਵੱਲੋਂ ਮੌਜੂਦਾ ਬੱਸ ਅੱਡਾ ਸ਼ਿਫਟ ਕਰਨ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ । ਇਹੋ ਹੀ ਨਹੀਂ ਦੁਕਾਨਦਾਰ ਪੋਸਟਰਾਂ ਸਮੇਤ ਆਪੋ ਆਪਣੇ ਢੰਗਾਂ ਨਾਲ ਵਿਰੋਧ ਜਤਾ ਰਹੇ ਹਨ ਜਿਸ ਦੇ ਚੱਲਦਿਆਂ ਹੁਣ ਨਵਾਂ ਰੱਫੜ ਪੈਣ ਲਈ ਮਹੌਲ ਬਣਦਾ ਦਿਖਾਈ ਦੇਣ ਲੱਗਿਆ ਹੈ।
ਕਾਰੋਬਾਰੀ ਧਿਰਾਂ ਦਾ ਪ੍ਰਤੀਕਰਮ ਹੈ ਕਿ ਜੇਕਰ ਬੱਸ ਅੱਡਾ ਮਲੋਟ ਵਾਲੀ ਸੜਕ ਤੇ ਚਲਾ ਜਾਂਦਾ ਹੈ ਤਾਂ ਅੱਧਿਓਂ ਵੱਧ ਬਜ਼ਾਰਾਂ ਦਾ ਧੰਦਾ ਪੂਰੀ ਤਰਾਂ ਤਬਾਹ ਹੋ ਜਾਏਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਧੰਦੇ ਤਾਂ ਪੰਜ ਸਾਲ ਪਹਿਲਾਂ ਕਰੋਨਾਂ ਦੀ ਮਹਾਂਮਾਰੀ ਦੇ ਝੰਬੇ ਹੀ ਲੀਹ ਤੇ ਨਹੀਂ ਆਏ ਹਨ ਜਦੋਂਕਿ ਉਹ ਕੁਦਰਤ ਦੀ ਮਾਰ ਸੀ ਪਰ ਹੁਣ ਤਾਂ ਉਨ੍ਹਾਂ ਵੱਲੋਂ ਹੱਥੀ ਸਹੇੜੀ ਸਰਕਾਰ ਢਿੱਡ ਤੇ ਲੱਤ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਕਚਹਿਰੀਆਂ, ਆਮਦਨ ਕਰ ਦਫਤਰ, ਸਿੱਖਿਆ ਬੋਰਡ ਦਾ ਡਿਪੂ, ਤਹਿਸੀਲਦਾਰ , ਡੀਸੀ ਤੇ ਪੁਲਿਸ ਪ੍ਰਸ਼ਾਸ਼ਨ ਦੇ ਦਫਤਰ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਬੱਸ ਅੱਡਾ ਬਣਾਇਆ ਸੀ ਤਾਂ ਇੰਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲਿਆਂ ਲਈ ਬੱਸ ਅੱਡਾ ਇੱਕ ਅਹਿਮ ਸਹੂਲਤ ਹੈ ਜੋਕਿ ਮਲੋਟ ਰੋਡ ਤੇ ਸ਼ਿਫਟ ਹੋਣ ਨਾਲ ਖਤਮ ਹੋ ਜਾਏਗੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਤੋਂ ਬਾਹਰੋਂ ਤਕਰੀਬਨ 7 ਕਿੱਲੋਮੀਟਰ ਇਸ ਤਰਫ ਆਉਣ ਵਾਲਿਆਂ ਨੂੰ ਘੱਟੋ ਘੱਟ ਸੌ ਰੁਪਏ ਦਾ ਰਗੜਾ ਲੱਗੇਗਾ। ਦੁਕਾਨਦਾਰਾਂ ਨੇ ਕਿਹਾ ਕਿ ਜਿਸ ਆਵਾਜਾਈ ਦੇ ਹਵਾਲਾ ਨਾਲ ਅੱਡਾ ਬਾਹਰ ਕੱਢਿਆ ਜਾ ਰਿਹਾ ਹੈ ਉਸ ਨੂੰ ਕਾਬੂ ਕਰਨ ਲਈ ਕਈ ਤਕਨੀਕਾਂ ਮੌਜੂਦ ਹਨ ਪਰ ਚੰਦ ਲੋਕਾਂ ਦੇ ਫਾਇਦੇ ਖਾਤਰ ਸੈਂਕੜੇ ਧੰਦਿਆਂ ਦੀ ਬਲੀ ਦੇ ਰਹੇ ਹਨ। ਟਰਾਂਸਪੋਰਟਰ ਆਗੂ ਬਲਤੇਜ ਸਿੰਘ ਵਾਂਦਰ ਦਾ ਕਹਿਣਾ ਸੀ ਕਿ ਬੱਸ ਅੱਡਾ ਸ਼ਿਫਟ ਹੋਣ ਨਾਲ ਬੱਸ ਮਾਲਕਾਂ ਨੂੰ ਤਾਂ ਜੋ ਨੁਕਸਾਨ ਹੋਣਾ ਹੈ ਉਹ ਵੱਖਰਾ ਹੈ ਬਲਕਿ ਸੜਕਾਂ ਤੇ ਆਵਾਜਾਈ ਦਾ ਬੁਰਾ ਹਾਲ ਹੋ ਜਾਏਗਾ। ਉਨ੍ਹਾਂ ਕਿਹਾ ਕਿ ਸ਼ਹਿਰ ਜਾਣ ਵਾਲੀਆਂ ਸਵਾਰੀਆਂ ਉੱਤਰਨ ਕਾਰਨ ਬੀਬੀ ਵਾਲਾ ਚੌਂਕ ਅਤੇ ਘਨੱਈਆ ਚੌਂਕ ਘੜਮੱਸ ਦੇ ਹਾਟ ਸਪਾਟ ਬਣ ਜਾਣਗੇ ਜਿੱਥੇ ਹਰ ਦੋ ਮਿੰਟ ਬਾਅਦ ਆਉਣ ਵਾਲੀ ਬੱਸ ਦੀ ਸਵਾਰੀ ਚੁੱਕਣ ਲਈ ਆਟੋ ਚਾਲਕਾਂ ਦਾ ਜਮਾਵੜਾ ਲੱਗੇਗਾ ਜੋ ਆਵਾਜਾਈ ਦੀ ਚਾਲ ਵਿਗਾੜੇਗਾ।
ਲੋਕ ਮਾਰੂ ਫੈਸਲਾ: ਸੰਦੀਪ ਬੌਬੀਸੰਘਰਸ਼ ਕਮੇਟੀ ਆਗੂ ਸੰਦੀਪ ਕੁਮਾਰ ਬੌਬੀ ਦਾ ਕਹਿਣਾ ਸੀ ਕਿ ਮਲੋਟ ਰੋਡ ਪ੍ਰਜੈਕਟ ਬਣਨ ਨਾਲ ਇਲਾਕੇ ਦਾ ਵਪਾਰ ਤਬਾਹ ਹੋ ਜਾਏਗਾ ਜੋਕਿ ਆਰਥਿਕ ਪੱਖ ਤੋਂ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਚਹਿਰੀਆਂ, ਸਰਕਾਰੀ ਦਫਤਰਾਂ, ਕਾਲਜ਼ਾਂ , ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਆਉਣ ਵਾਲੇ ਹਜ਼ਾਰਾਂ ਲੋਕ ਸੂਲੀ ਟੰਗੇ ਜਾਣਗੇ ਇਸ ਲਈ ਲੋਕਾਂ ਦੀ ਸਹੂਲਤ ਖਾਤਰ ਇਹ ਪ੍ਰਜੈਕਟ ਰੱਦ ਕਰ ਦੇਣਾ ਚਾਹੀਦਾ ਹੈ।
ਭੂਮਾਫੀਆ ਪੱਖੀ ਫੈਸਲਾ: ਅਗਰਵਾਲ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਆਗੂ ਸੰਦੀਪ ਅਗਰਵਾਲ ਦਾ ਕਹਿਣਾ ਸੀ ਕਿ ਇਹ ਫੈਸਲਾ ਕਲੋਨਾਈਜ਼ਰਾਂ ਦੇ ਹਿੱਤਾਂ ਦੀ ਪੂਰਤੀ ਲਈ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਸਰਕਾਰ ਪੁਰਾਣੇ ਬਠਿੰਡੇ ਨੂੰ ਉਜਾੜਕੇ ਨਵੀਆਂ ਕਲੋਨੀਆਂ ਨਾਲ ਨਵਾਂ ਸ਼ਹਿਰ ਵਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੱਸ ਅੱਡੇ ਸਬੰਧੀ ਲੋਕਾਂ ਦੀ ਸਲਾਹ ਲਈ ਜਾਵੇਗੀ ਪਰ ਹੁਣ ਫੈਸਲੇ ਚੋਂ ਲੋਕ ਗਾਇਬ ਅਤੇ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਇਹ ਲੋਕ ਮਾਰੂ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ।


