ਜਲੰਧਰ, 25 ਦਸੰਬਰ :`
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਲੁੱਟ–ਖੋਹ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 02 ਨਾਜਾਇਜ਼ ਪਿਸਟਲ ਬਰਾਮਦ ਕੀਤੇ ਗਈ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, DCP/INV, ਸ੍ਰੀ ਜਯੰਤ ਪੁਰੀ, ADCP/INV, ਸ਼੍ਰੀਮਤੀ ਆਕਰਸ਼ੀ ਜੈਨ, ADCP-I, ਸ੍ਰੀ ਸੰਜੈ ਕੁਮਾਰ, ACP/North ਅਤੇ ਸ੍ਰੀ ਅਮਰਬੀਰ ਸਿੰਘ, ACP/D ਦੀ ਯੋਗ ਨਿਗਰਾਨੀ ਹੇਠ ਇੰਚਾਰਜ CIA-ਸਟਾਫ ਜਲੰਧਰ ਅਤੇ SHO ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀਆਂ ਪੁਲਿਸ ਟੀਮਾਂ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਮਿਤੀ 22.12.2025 ਦੀ ਰਾਤ ਨੂੰ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਾਹਨ ਨੂੰ ਗਨ ਪੁਆਇੰਟ ‘ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 8, ਜਲੰਧਰ ਵਿਖੇ ਮੁਕੱਦਮਾ ਨੰਬਰ 311 ਮਿਤੀ 23.12.2025 ਅਧੀਨ ਧਾਰਾਵਾਂ 302(2), 3(5), 62 BNS ਅਤੇ 25/27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ।
ਮੁਕੱਦਮੇ ਦੀ ਜਾਂਚ ਦੌਰਾਨ ਤਕਨੀਕੀ ਸਹਾਇਤਾ ਅਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਦਿਆਂ ਪੁਲਿਸ ਟੀਮ ਵੱਲੋਂ ਰਾਮਨੀਕ ਐਵੇਨਿਊ ਤੋਂ ਬੁਲੰਦਪੁਰ ਸੜਕ ਵਾਲੇ ਪਾਸੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ, ਜਿਸ ‘ਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਦੋਹਾਂ ਮੁਲਜ਼ਮਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਾਬੂ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼, ਪੁੱਤਰ ਕਸ਼ਮੀਰ ਸਿੰਘ, ਵਾਸੀ ਪਿੰਡ ਨਵਾਂ ਨੌਸ਼ਹਿਰਾ, ਥਾਣਾ ਪੁਰਾਣਾ ਸ਼ਾਲਾ, ਜ਼ਿਲ੍ਹਾ ਗੁਰਦਾਸਪੁਰ ਅਤੇ ਤੇਜਬੀਰ ਸਿੰਘ ਉਰਫ਼ ਤੇਜੀ, ਪੁੱਤਰ ਸੁਖਵਿੰਦਰ ਸਿੰਘ, ਵਾਸੀ ਪਿੰਡ ਕੋਟ ਬੁੱਢਾ, ਥਾਣਾ ਸੇਖਵਾ, ਜ਼ਿਲ੍ਹਾ ਬਟਾਲਾ ਵਜੋਂ ਹੋਈ ਹੈ।
ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ 01 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਬਰਾਮਦ ਕੀਤੇ ਗਏ ਹਨ।
ਕਮਿਸ਼ਨਰੇਟ ਪੁਲਿਸ ਜਲੰਧਰ ਸ਼ਹਿਰ ਵਿੱਚ ਕਾਨੂੰਨ ਅਤੇ ਅਮਨ–ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


