ਜਲੰਧਰ, 17 ਦਸੰਬਰ :ਜਲੰਧਰ ਦੇ ਰੀਜ਼ਨਲ ਪਾਸਪੋਰਟ ਦਫ਼ਤਰ ਵਿਖੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਸਫ਼ਲਤਾ ਪੂਰਵਕ ਪਾਸਪੋਰਟ ਅਦਾਲਤ ਲਗਾਈ ਗਈ, ਜਿਸ ਵਿੱਚ ਵੱਖ-ਵੱਖ ਸ੍ਰੇਣੀਆਂ ਨਾਲ ਸਬੰਧਿਤ 300 ਤੋਂ ਵੱਧ ਬਿਨੈਕਾਰਾਂ ਵਲੋਂ ਭਾਗ ਲਿਆ ਗਿਆ।
ਰੀਜ਼ਨਲ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਦੱਸਿਆ ਕਿ ਪਾਸਪੋਰਟ ਅਦਾਲਤ ਦੌਰਾਨ 240 ਕੇਸਾਂ ਨੂੰ ਮੰਨਜ਼ੂਰੀ ਦਿੰਦਿਆਂ ਪਾਸਪੋਰਟ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਹਨਾਂ ਕੇਸਾਂ ਵਿੱਚ ਵੱਖ-ਵੱਖ ਕਾਰਨਾਂ ਜਿਵੇਂ ਮਲਟੀਪਲ ਪਾਸਪੋਰਟ, ਕਾਨੂੰਨੀ ਕੇਸ, ਐਮਰਜੈਂਸੀ ਸਰਟੀਫੇਕਟ ਅਤੇ ਨਿੱਜੀ ਜਾਣਕਾਰੀ ਬਦਲਣ ਸਬੰਧੀ ਕੇਸ਼ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕੇਸਾਂ ਦੇ ਜਲਦ ਨਿਪਟਾਰੇ ਦੀਆਂ ਹਦਾਇਤਾਂ ਕੀਤੀਆਂ ਗਈਆਂ।
ਪਾਸਪੋਰਟ ਦਫ਼ਤਰ ਵਲੋਂ ਕੀਤੀ ਗਈ ਇਸ ਪਹਿਲ ’ਤੇ ਚਾਨਣਾ ਪਾਉਂਦਿਆਂ ਰੀਜ਼ਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਪਾਸਪੋਰਟ ਅਦਾਲਤ ਅਤੇ ਵਿਸ਼ੇਸ਼ ਕੈਂਪ ਲੰਬੇ ਸਮੇਂ ਤੋਂ ਬਕਾਇਆ ਕੇਸਾਂ ਅਤੇ ਪ੍ਰਕਿਰਿਆ ਆਦਿ ਤੋਂ ਬਿਨੈਕਾਰਾਂ ਨੂੰ ਰਾਹਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਰੀਜ਼ਨਲ ਪਾਸਪੋਰਟ ਦਫ਼ਤਰ ਜਲੰਧਰ ਲੋਕਾਂ ਨੂੰ ਨਾਗਰਿਕ ਸੇਵਾਵਾਂ, ਪਾਰਦਰਸ਼ੀ ਅਤੇ ਪਾਸਪੋਰਟ ਸਬੰਧੀ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਰੀਜ਼ਨਲ ਪਾਸਪੋਰਟ ਅਫ਼ਸਰ ਨੇ ਅੱਗੇ ਦੱਸਿਆ ਕਿ ਅਜਿਹੀਆ ਪਾਸਪੋਰਟ ਅਦਾਲਤਾਂ ਅਤੇ ਵਿਸ਼ੇਸ਼ ਕੈਂਪ ਲੋਕਾਂ ਦੀ ਸਹੂਲਤ ਲਈ ਭਵਿੱਖ ਵਿੱਚ ਵੀ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਕਿਸੇ ਵੀ ਕੰਮ ਵਾਲੇ ਦਿਨ ਆਨਲਾਈਨ ਅਪੁਆਇੰਟਮੈਂਟ ਜਾਂ ਬਿਨਾਂ ਇਸ ਦੇ ਲੋੜੀਂਦੇ ਦਸਤਾਵੇਜ਼ਾਂ ਨਾਲ ਆ ਸਕਦੇ ਹਨ। —————-


