ਜਲੰਧਰ,13 ਦਸੰਬਰ :
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤਮਈ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਲਈ ਬਣਾਏ ਗਏ 1209 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 8,30,669 ਵੋਟਰਾਂ ਵਲੋਂ ਕੁੱਲ 669 ਉਮੀਦਵਾਰਾਂ ਲਈ ਵੋਟਾਂ ਪਾਈਆਂ ਜਾਣਗੀਆਂ।
ਡਾ.ਅਗਰਵਾਲ ਨੇ ਅੱਗੇ ਦੱਸਿਆ ਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਦੀ ਸਹੂਲਤ ਲਈ ਹਰੇਕ ਪੁਲਿੰਗ ਬੂਥ ’ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਉਨ੍ਹਾਂ ਜ਼ਿਲ੍ਹੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਲਈ ਕੁੱਲ 1209 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨਾਂ ਲਈ 130 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਪੰਚਾਇਤ ਸੰਮਤੀ ਮਹਿਤਪੁਰ ਦੇ 15 ਜ਼ੋਨਾਂ ਲਈ 83, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਫਿਲੌਰ ਦੇ 20 ਜ਼ੋਨਾਂ ਲਈ 129, ਜ਼ਿਲ੍ਹਾ ਪ੍ਰੀਸ਼ਦ ਦੇ 3 ਅਤੇ ਪੰਚਾਇਤ ਸੰਮਤੀ ਆਦਮਪੁਰ ਦੇ 25 ਜ਼ੋਨਾਂ ਲਈ 200 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਭੋਗਪੁਰ ਦੇ 15 ਜ਼ੋਨਾਂ ਲਈ 108, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15 ਜ਼ੋਨਾਂ ਲਈ 86, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਜ਼ੋਨਾਂ ਲਈ 96 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਲਈ 116, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਨੂਰਮਹਿਲ ਦੇ 15 ਜ਼ੋਨਾਂ ਲਈ 88, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਲਈ 90 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਅਤੇ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15 ਜ਼ੋਨਾਂ ਲਈ 83 ਪੋਲਿੰਗ ਬੂਥ ਬਣਾਏ ਗਏ ਹਨ।
ਐਸ.ਐਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਨਿਰਪੱਖ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਅਧਿਕਾਰੀਆਂ ਸਮੇਤ 2500 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ, ਤਾਂ ਜੋ ਚੋਣ ਦੌਰਾਨ ਕਾਨੂੰਨ-ਵਿਵਸਥਾ ਬਣੀ ਰਹੇ। ਉਨ੍ਹਾਂ ਦੱਸਿਆ ਕਿ 3 ਐਸ.ਪੀਜ਼, 12 ਡੀ.ਐਸ.ਪੀਜ਼ ਅਤੇ 15 ਐਸ.ਐਚ.ਓਜ਼ ਤੈਨਾਤ ਹਨ ਅਤੇ ਆਪਣੇ-ਆਪਣੇ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਹਰ ਸਬ ਡਿਵੀਜ਼ਨ ਵਿੱਚ 2 ਡੀ.ਐਸ.ਪੀ ਰੈਂਕ ਦੇ ਅਧਿਕਾਰੀ ਅਤੇ 2 ਸਬ ਡਿਵੀਜ਼ਨਾਂ ਲਈ 1 ਐਸ.ਪੀ ਰੈਂਕ ਦਾ ਅਧਿਕਾਰੀ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਚੋਣ ਦੌਰਾਨ ਕੋਈ ਵੀ ਸ਼ੱਕੀ ਹਲਚਲ, ਤਕਰਾਰ, ਗਲਤ ਗਤੀਵਿਧੀ ਜਾਂ ਕਾਨੂੰਨ ਦੀ ਉਲੰਘਣਾ ਦੇਖਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 112 ਹੈਲਪਲਾਈਨ ਜਾਂ ਜਲੰਧਰ ਦਿਹਾਤੀ ਪੁਲਿਸ ਕੰਟਰੋਲ ਰੂਮ 78373-40100 ’ਤੇ ਕਾਲ ਵੀ ਕੀਤੀ ਜਾ ਸਕਦੀ ਹੈ।
ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਭਰੋਸਾ ਦਵਾਇਆ ਕਿ ਜਲੰਧਰ ਦਿਹਾਤੀ ਪੁਲਿਸ ਪੂਰੀ ਨਿਰਪੱਖਤਾ ਅਤੇ ਸੁਰੱਖਿਆ ਨਾਲ ਚੋਣ ਪ੍ਰਕਿਰਿਆ ਪੂਰੀ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਜਾਂ ਦਬਾਅ ਦੇ ਆਪਣਾ ਵੋਟ ਦਾ ਅਧਿਕਾਰ ਪੂਰੀ ਸੁਰੱਖਿਆ ਨਾਲ ਵਰਤਣ।


