ਲੁਧਿਆਣਾ, 10 ਦਸੰਬਰ – ਹਲਕੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 95 ਅਧੀਨ ਅਸ਼ੋਕ ਨਗਰ ਵਿਖੇ ਸੜਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਕੌਂਸਲਰ ਅਮਨ ਬੱਗਾ, ਅਸ਼ੋਕ ਕੁਮਾਰ ਦੇ ਨਾਲ ਇਲਾਕੇ ਦੀਆਂ ਨਾਮਵਰ ਸਖ਼ਸ਼ੀਅਤਾਂ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਬੱਗਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਵਿਧਾਨ ਸਭਾ ਹਲਕਾ ਉੱਤਰੀ ਦਾ ਜ਼ਿਕਰ, ਪੰਜਾਬ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਵਿਧਾਨ ਸਭਾ ਹਲਕਿਆਂ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਰੋਜ਼ਾਨਾ ਗਲੀਆਂ/ਸੜਕਾਂ, ਸੀਵਰੇਜ਼, ਸਟਰੀਟ ਲਾਈਟਾਂ, ਵਾਟਰ ਸਪਲਾਈ ਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਰਸਮੀ ਉਦਘਾਟਨ ਇਲਾਕੇ ਦੇ ਵਸਨੀਕਾਂ ਦੇ ਨਾਲ ਮਿਲ ਕੇ ਕੀਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਰੀਬ 57 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਅਸ਼ੋਕ ਨਗਰ ਦੀ ਇਹ ਸੜਕ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਉੱਤਰੀ ਦੇ ਪੈਂਡਿੰਗ ਕੰਮਾਂ ਵਿੱਚ ਪਈ ਸੀ ਜਿਸ ਨੂੰ ਹੁਣ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ ਅਤੇ ਉਹਨਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਵੇਗਾ।
ਵਿਧਾਇਕ ਬੱਗਾ ਨੇ ਕਿਹਾ ਕਿ ਹਲਕਾ ਉੱਤਰੀ ਦੀ ਨੁਹਾਰ ਬਦਲਣ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਸਾਡੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਇਸੇ ਕਰਕੇ ਅਸੀਂ ਆਮ ਲੋਕਾਂ ਦੀ ਸੁਵਿਧਾ ਦੇ ਮੁਤਾਬਿਕ ਹੀ ਕੰਮ ਕਰ ਰਹੇ ਹਾਂ।


