ਦਿੜਬਾ ਮੰਡੀ, 20 ਸਤੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਮ ਦੀ ਮੀਟਿੰਗ ਬਲਾਕ ਜਨਰਲ ਸਕੱਤਰ ਕੇਵਲ ਸਿੰਘ ਜਵੰਧਾ ਦੀ ਅਗਵਾਈ ਹੇਠ ਪਿੰਡ ਸ਼ਾਹਪੁਰ ਕਲਾਂ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਪਿੰਡ ਇਕਾਈਆਂ ਦੇ ਆਗੂ ਸ਼ਾਮਿਲ ਹੋਏ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਜਥੇਬੰਦੀ ਦੀ ਹੋਈ ਸੂਬਾ ਪੱਧਰੀ ਮੀਟਿੰਗ ਚ ਹੜ ਪੀੜਤ ਕਿਸਾਨਾਂ ਦੀ ਕਰੀਬ 15 ਹਜ਼ਾਰ ਏਕੜ ਕਣਕ ਬੀਜਣ ਲਈ ਬੀਜ, ਡੀਏਪੀ ਤੇ ਡੀਜ਼ਲ ਆਦਿ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਜ਼ਿਲਾ ਸੰਗਰੂਰ ਚੋਂ ਵੀ ਕਰੀਬ 3 ਹਜ਼ਾਰ ਏਕੜ ਦਾ ਬੀਜ, ਡੀਏਪੀ ਅਤੇ ਡੀਜ਼ਲ ਭੇਜਣ ਲਈ ਹਰ ਪਿੰਡ ਇਕਾਈ ਵੱਧ ਤੋਂ ਵੱਧ ਹਿੱਸਾ ਪਾਵੇਗੀ । ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੱਕਰੀਆਂ,ਮੁਰਗੀਆਂ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੀ ਸਰਕਾਰ ਪ੍ਰਤੀ ਏਕੜ 80-90 ਹਜ਼ਾਰ ਦੇ ਹੋਏ ਨੁਕਸਾਨ ਦਾ ਸਿਰਫ 20 ਹਜਾਰ ਮੁਆਵਜਾ ਦੇ ਰਹੀ ਹੈ ਉਹ ਵੀ ਹਰ ਕਿਸਾਨ ਲਈ ਪੰਜ ਏਕੜ ਤੱਕ ਦੀ ਹੱਦ ਤੈਅ ਕੀਤੀ ਗਈ ਹੈ ।
ਉਨਾਂ ਕਿਹਾ ਕਿ ਸਰਕਾਰ ਕਿਸਾਨ ਦੀ ਨੁਕਸਾਨੀ ਪੂਰੀ ਫਸਲ ਦਾ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ । ਕਿਸਾਨ ਆਗੂ ਚੱਠਾ ਨੇ ਕਿਹਾ ਕਿ ਝੋਨੇ ਦੀ ਫਸਲ ਪੱਕਣ ਵੱਲ ਵੱਧ ਰਹੀ ਹੈ ਤੇ ਪਾਣੀ ਦੀ ਬਹੁਤ ਜਰੂਰਤ ਹੈ ਪਰ ਪਾਵਰਕੌਮ ਨੇ ਖੇਤਾਂ ਦੀ ਸਪਲਾਈ ਚ ਕਈ ਕਈ ਘੰਟਿਆਂ ਦੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਫਸਲਾਂ ਦੇ ਝਾੜ ਤੇ ਅਸਰ ਪਵੇਗਾ । ਉਨਾਂ ਕਿਹਾ ਕਿ ਸਰਕਾਰ ਹਾਲੇ ਤੱਕ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦਾ ਵੀ ਪ੍ਰਬੰਧ ਨਹੀਂ ਕਰ ਸਕੀ ਇਥੋਂ ਤੱਕ ਕਿ ਕੋਆਪਰੇਟਿਵ ਸੁਸਾਇਟੀਆਂ ਤੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਡੀਏਪੀ ਖਾਦ ਨਾਲ ਬੇਲੋੜੀਂਦੇ ਨੈਨੋ ਜਿਹੇ ਪ੍ਰੋਡਕਟ ਧੱਕੇ ਨਾਲ ਥੋਪੇ ਜਾ ਰਹੇ ਹਨ । ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਖੇਤਾਂ ਲਈ 20 ਅਕਤੂਬਰ ਤੱਕ ਪੂਰੀ 8 ਘੰਟੇ ਬਿਜਲੀ ਸਪਲਾਈ ਨਾ ਦਿੱਤੀ ਗਈ, ਡੀਏਪੀ ਖਾਦ ਨਾਲ ਥੋਪੇ ਜਾ ਰਹੇ ਬੇਲੋੜੀਂਦੇ ਪ੍ਰੋਡੈਕਟ ਬੰਦ ਨਾ ਕੀਤੇ ਗਏ ਤਾਂ ਜਥੇਬੰਦੀ ਵੱਲੋਂ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ।
ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਤੇ ਪਰਾਲੀ ਦੀ ਸਾਂਭ-ਸੰਭਾਲ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਘੱਟੋ-ਘੱਟ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਤਾਂ ਜੋ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿਚ ਕੋਈ ਦਿੱਕਤ ਨਾ ਹੋਵੇ। ਜੇਕਰ ਸਰਕਾਰਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀ ਦਿੰਦੀਆਂ ਤਾਂ ਕਿਸਾਨਾਂ ਨੂੰ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ ਅਤੇ ਬੀਕੇਯੂ ਏਕਤਾ ਸਿੱਧੂਪੁਰ ਆਪਣੇ ਕਿਸਾਨਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜਦੀ ਹੈ।ਇਸ ਮੌਕੇ ਜਰਨੈਲ ਸਿੰਘ ਸ਼ਾਹਪੁਰ ਕਲਾਂ,ਕਰਮ ਸਿੰਘ ਨਮੋਲ, ਕਸ਼ਮੀਰ ਸਿੰਘ ਉਗਰਾਹਾਂ,ਦਲੇਲ ਸਿੰਘ ਚੱਠਾ,ਦੇਵ ਸਿੰਘ ਖਡਿਆਲ, ਮਲਕੀਤ ਸਿੰਘ ਗੰਢੂਆਂ, ਪ੍ਰਿੰਸ ਗੰਢੂਆਂ, ਗੁਰਨੈਬ ਸਿੰਘ ਜਵੰਧਾਂ,ਨਸੀਬ ਜਖੇਪਲ, ਦਰਸ਼ਨ ਸਿੰਘ ਛਾਜਲਾ,ਮਿਸਰਾ ਸਿੰਘ ਮੈਦੇਵਾਸ, ਕੁਲਦੀਪ ਸਿੰਘ ਮਹਿਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।


