ਲੁਧਿਆਣਾ, 10 ਸਤੰਬਰ: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਰਜੀਤ ਬੈਂਸ ਵੱਲੋਂ 04 ਅਕਤੂਬਰ ਤੋਂ 13 ਅਕਤੂਬਰ, 2025 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਾਰਸ ਮੇਲੇ ਦੇ ਪ੍ਰਬੰਧਾਂ ਸਬੰਧੀ ਬੁੱਧਵਾਰ ਨੂੰ ਆਪਣੇ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ, ਸਹਾਇਕ ਕਮਿਸ਼ਨਰ ਜੀ.ਐਸ.ਟੀ ਸ੍ਰੀ ਦੀਪਕ ਭਾਟੀਆ ਅਤੇ ਸਹਾਇਕ ਮੇਲਾ ਅਫਸਰ ਸ੍ਰੀ ਜੀਵਨਦੀਪ ਸਿੰਘ ਈ.ਜੀ.ਐਸ.ਡੀ.ਟੀ.ਓ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੈਂਕੜੇ ਕਾਰੀਗਰ ਅਤੇ ਕਲਾਕਾਰ ਸਾਰਸ ਮੇਲੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਪਣੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਗੇ।
ਸ੍ਰੀ ਅਮਰਜੀਤ ਬੈਂਸ ਨੇ ਦੱਸਿਆ ਕਿ ਸਾਰਸ ਮੇਲੇ ਦੇ ਸੁਚੱਜੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਜਿਸ ਵਿੱਚ ਸਾਈਟ ਯੋਜਨਾਬੰਦੀ, ਸੁਰੱਖਿਆ, ਸਟਾਲ, ਟ੍ਰੈਫਿਕ ਅਤੇ ਪਾਰਕਿੰਗ, ਸਿਹਤ, ਪ੍ਰਾਹੁਣਚਾਰੀ, ਆਵਾਜਾਈ, ਫਾਇਰ ਬ੍ਰਿਗੇਡ, ਸਭਿਆਚਾਰਕ, ਕਲਾਕਾਰ, ਸਵਾਗਤ, ਤਾਲਮੇਲ, ਆਈ.ਟੀ. ਵਿੰਗ, ਪ੍ਰਚਾਰ, ਸ਼ਿਕਾਇਤ, ਟਾਇਲਟ, ਪਾਣੀ ਅਤੇ ਸੈਨੀਟੇਸ਼ਨ, ਰਹਿਣ ਦੀ ਸਹੂਲਤ, ਫਸਟ ਏਡ, ਸਜਾਵਟ, ਵੀ.ਵੀ.ਆਈ.ਪੀ, ਬਿਜਲੀ ਆਦਿ ਸ਼ਾਮਲ ਹਨ। ਡਿਊਟੀ ਪਾਸ, ਕੰਟਰੋਲ ਰੂਮ, ਰਿਫਰੈਸ਼ਮੈਂਟ, ਸਜਾਵਟ, ਝੂਲੇ ਦੀ ਸੁਰੱਖਿਆ, ਅਨੁਸ਼ਾਸਨੀ, ਰਜਿਸਟ੍ਰੇਸ਼ਨ ਕਮੇਟੀਆਂ ਦੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਏਜੰਡੇ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਸਾਰਸ ਮੇਲੇ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਹਰੇਕ ਸਬੰਧਤ ਅਧਿਕਾਰੀ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦਾ ਅਮਲਾ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਸਾਰਸ ਮੇਲੇ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।


 
									 
					