ਫਾਜ਼ਿਲਕਾ 20 ਅਗਸਤ 2025 – ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਚੰਡੀਗੜ੍ਹ ਪਹੁੰਚ ਕੇ ਪੰਜਾਬ ਦੇ ਮਾਲ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕੀਤੀ। ਉਨਾਂ ਨੇ ਇਸ ਦੌਰਾਨ ਫਾਜ਼ਿਲਕਾ ਜਿਲੇ ਦੇ ਸਰਹੱਦੀ ਇਲਾਕਿਆਂ ਵਿੱਚ ਸਤਲੁਜ ਨਦੀ ਵਿੱਚ ਆਏ ਹੜ ਕਾਰਨ ਫਸਲਾਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਸਬੰਧੀ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀ ਮੰਗ ਰੱਖੀ।
ਉਨਾਂ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਕੋਲ ਕੱਚੀਆਂ ਜਮੀਨਾਂ ਹਨ ਜਿਸ ਦਾ ਮੁਆਵਜਾ ਉਨਾਂ ਨੂੰ ਨਹੀਂ ਮਿਲਦਾ ।ਉਹਨਾਂ ਨੇ ਮੰਗ ਰੱਖੀ ਕਿ ਇਸ ਸਬੰਧੀ ਪੋਲਸੀ ਤਿਆਰ ਕਰਕੇ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨਾਂ ਨੇ ਕਿਹਾ ਕਿ ਇੱਥੇ ਛੋਟੇ ਕਿਸਾਨ ਹਨ ਅਤੇ ਉਨਾਂ ਕੋਲ ਬਹੁਤ ਥੋੜੀ ਜਮੀਨ ਹੈ ਅਤੇ ਉਸ ਦਾ ਵੀ ਹੜ ਕਾਰਨ ਨੁਕਸਾਨ ਹੋ ਜਾਂਦਾ ਹੈ। ਇਸ ਲਈ ਜਰੂਰੀ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਛੋਟੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਇਸੇ ਨੀਤੀ ਤਹਿਤ ਫਾਜ਼ਿਲਕਾ ਦੇ ਇਹਨਾਂ ਕਿਸਾਨਾਂ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਿਸਾਨਾਂ ਦੇ ਹਿੱਤਾਂ ਅਨੁਸਾਰ ਸਰਕਾਰ ਕੰਮ ਕਰੇਗੀ।