ਜਲੰਧਰ, 20 ਜੁਲਾਈ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲ ਜਾਂਦੇ ਵਿਦਿਆਰਥੀਆਂ ਲਈ ਸੁਰੱਖਿਅਤ ਅਵਾਜਾਈ ਨੂੰ ਯਕੀਨੀ ਬਣਾਉਣ ਲਈ ਅੱਜ ਸਹਾਇਕ ਟਰਾਂਸਪੋਰਟ ਅਫ਼ਸਰ ਕਮਲੇਸ਼ ਕੁਮਾਰੀ ਵਲੋਂ ਇਸ ਸਕੀਮ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਹਿੱਤ ਸਕੂਲ ਪ੍ਰਬੰਧਕਾਂ ਨਾਲ ਲੜੀਵਾਰ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅੱਜ ਆਈ.ਵੀ.ਵਾਈ ਵਰਲਡ ਸਕੂਲ ਜਲੰਧਰ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਏ.ਟੀ.ਓ. ਕਮਲੇਸ਼ ਕੁਮਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਹਰੇਕ ਸਕੂਲ ਨੂੰ ਸਕੂਲੀ ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੇ ਸਾਰੇ ਦਸਤਾਵੇਜ਼ ਜਿਸ ਵਿੱਚ ਆਰ.ਸੀ., ਪੀ.ਯੂ.ਸੀ., ਇੰਸ਼ੋਰੈਂਸ, ਪਰਮਿਟ, ਵਹੀਕਲ ਫਿਟਨੈਸ ਸਰਟੀਫਿਕੇਟ ਅਤੇ ਡਰਾਇਵਰ ਤੇ ਕੰਡਕਟਰ ਦੇ ਡਰਾਇਵਿੰਗ ਲਾਇਸੰਸ, ਫਿਟਨੈਸ ਸਰਟੀਫਿਕੇਟ ਅਤੇ ਮੈਡੀਕਲ ਰਿਪੋਰਟਾਂ ਹਰ ਸਮੇਂ ਵਾਹਨ ਦੇ ਡਰਾਇਵਰ ਪਾਸ ਮੌਜੂਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਪਦੰਡ ਬੱਸਾਂ ਵਿੱਚ ਸਕੂਲ ਜਾਂਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਹਨ।
ਏ.ਟੀ.ਓ.ਨੇ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਫੀਡਬੈਕ ਲਈ ਜਾਵੇ ਕਿ ਉਹ ਸਕੂਲ ਬੱਸਾਂ ਵਲੋਂ ਸੁਰੱਖਿਆ ਪਖੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ ਜਾਂ ਨਹੀਂ। ਉਨ੍ਹਾਂ ਸਪਸ਼ਟ ਕਿਹਾ ਕਿ ਜਾਂਚ ਦੌਰਾਨ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਇਸ ਲਈ ਸਕੂਲ ਪ੍ਰਬੰਧਕ ਜਿੰਮੇਵਾਰ ਹੋਣਗੇ।
ਏ.ਟੀ.ਓ.ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਰਾਹੀਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਆਈ.ਵੀ.ਵਾਈ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸੰਜੀਵ ਚੌਹਾਨ, ਡਾਇਰੈਕਟਰ ਪ੍ਰਬੰਧ (ਰਿਟਾ.)ਕਰਨਲ ਮਨਜੀਤ ਸਿੰਘ, ਮੁੱਖ ਪ੍ਰਬੰਧ ਅਫ਼ਸਰ ਸਤੀਸ਼ ਕੁਮਾਰ ਭਨੋਟ, ਨਿਰਮਲ ਜੀਤ ਸਿੰਘ ਪਰਮਾਰ, ਟਰਾਂਸਪੋਰਟ ਮੈਨੇਜਰ ਅਰੁਣ ਕੁਮਾਰ ਡੋਗਰਾ, ਸਰਬਜੀਤ ਸਿੰਘ ਅਤੇ ਮਾਪਿਆ ਵਲੋਂ ਮੁਕਤਾ, ਮੇਜਰ ਰੋਹਨ, ਸਿਰਾਜ਼ ਅਨਵ ਮਿਸ਼ਰਾ ਅਤੇ ਪਰਮਜੀਤ ਸਿੰਘ ਮੌਜੂਦ ਸਨ। ——————-