ਮਹਿਲ ਕਲਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਚੋਣੀ ਵਾਅਦਾ ਪੂਰਾ ਕਰਦਿਆਂ ਰਾਜ ਭਰ ਦੇ 4727 ਲਾਭਪਾਤਰੀਆਂ ਦੇ 67.84 ਕਰੋੜ ਰੁਪਏ ਦੇ ਕਰਜ਼ੇ ਮਾਫ ਕਰ ਦਿੱਤੇ ਹਨ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਐੱਸ.ਸੀ. ਵਿੰਗ ਦੇ ਸੂਬਾ ਚੇਅਰਮੈਨ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਪਿੰਡ ਪੰਡੋਰੀ ਵਿਖੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡਣ ਮੌਕੇ ਦਿੱਤੀ।
ਉਨ੍ਹਾਂ ਨੇ ਰਮਨਦੀਪ ਸਿੰਘ (ਭੋਤਨਾ), ਰਣਜੀਤ ਸਿੰਘ (ਨਰਾਇਣਗੜ੍ਹ ਸੋਹੀਆ), ਭੁਪਿੰਦਰ ਸਿੰਘ (ਕਲਾਲਮਾਜਰਾ), ਸੁਖਵਿੰਦਰ ਸਿੰਘ (ਭੋਤਨਾ) ਅਤੇ ਕੁਲਦੀਪ ਸਿੰਘ (ਸਹਿਜੜਾ) ਨੂੰ ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਜਾਰੀ ਕਰਜ਼ਾ ਮੁਆਫ਼ੀ ਸਰਟੀਫਿਕੇਟ ਸੌਂਪੇ। ਪੰਡੋਰੀ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿਚ ਲਗਭਗ 30 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 31 ਮਾਰਚ 2020 ਤੋਂ ਪਹਿਲਾਂ ਐੱਸ.ਸੀ. ਭਾਈਚਾਰੇ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਲਏ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ ਹਨ ਕਿਉਂਕਿ ਕੋਰੋਨਾ ਦੌਰਾਨ ਪੈਦਾਂ ਹੋਈਆਂ ਮੁਸ਼ਕਿਲਾਂ ਕਾਰਨ ਲੋਕ ਕਰਜ਼ਾ ਅਦਾ ਕਰਨ ਤੋਂ ਅਸਮਰਥ ਰਹੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਪਿੰਡਾਂ ਨੂੰ ਖੁਸ਼ਹਾਲ ਤੇ ਤਰੱਕੀ ਦੇ ਰਾਹ ‘ਤੇ ਲਿਜਾਣ ਲਈ ਸਰਕਾਰ ਦੇ ਯਤਨਾਂ ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਪਵਨ ਕੁਮਾਰ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰਦਾਸ ਬਾਵਾ, ਮੁੱਖ ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ, ਬਲਾਕ ਪ੍ਰਧਾਨ ਗੁਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸਹਿਜੜਾ, ਹਰਗਨਪ੍ਰੀਤ ਸਿੰਘ ਗਾਗੇਵਾਲ, ਗੁਰਪ੍ਰੀਤ ਸਿੰਘ ਗੋਪੀ, ਜੱਗਾ ਸਿੰਘ ਕੁਤਬਾ, ਸੋਸ਼ਲ ਮੀਡੀਆ ਇੰਚਾਰਜ ਜਸਪ੍ਰੀਤ ਸਿੰਘ ਅਤੇ ਹੋਰ ਵਰਕਰ ਤੇ ਆਗੂ ਵੀ ਮੌਜੂਦ ਸਨ।