ਲੁਧਿਆਣਾ, 30 ਜੂਨ, 2025: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਰਪੰਚਾਂ, ਨੰਬਰਦਾਰਾਂ ਅਤੇ ਮਿਊਸਪਲ ਕੌਂਸਲਰਾਂ (ਐਮ.ਸੀਜ) ਦੀਆਂ ਈ-ਸੇਵਾਵਾਂ ਦੀ ਆਨਲਾਈਨ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੁ ਬਣਾਉਣ ਲਈ ਆਨਲਾਈਨ ਸਿਖਲਾਈ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਰੋਹਿਤ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਪੰਚ, ਨੰਬਰਦਾਰ ਅਤੇ ਮਿਓਂਸਪਲ ਕੌਂਸਲਰ (ਐਮ.ਸੀਜ਼) ਵੱਖ-ਵੱਖ ਸਰਟੀਫਿਕੇਟਾਂ ਦੀਆਂ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਨਾਗਰਿਕਾਂ ਲਈ ਸਰਪੰਚਾਂ, ਨੰਬਰਦਾਰਾਂ ਅਤੇ ਐਮ.ਸੀਜ਼. ਤੋਂ ਦਸਤਖ਼ਤ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰੇਗੀ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਸਭ ਤੋਂ ਵੱਧ ਮੰਗ ਵਾਲੀਆਂ ਸੇਵਾਵਾਂ ਜਿਵੇਂ ਰਿਹਾਇਸ਼ੀ ਸਰਟੀਫਿਕੇਟ, ਜਾਤੀ (ਐਸ.ਸੀ, ਬੀ.ਸੀ/ਓ.ਬੀ.ਸੀ.) ਸਰਟੀਫਿਕੇਟ, ਆਮਦਨ ਸਰਟੀਫਿਕੇਟ, ਈ.ਡਬਲਿਊ.ਐਸ. ਸਰਟੀਫਿਕੇਟ ਅਤੇ ਬੁਢਾਪਾ ਪੈਨਸ਼ਨ ਸਰਟੀਫਿਕੇਟ ਸਬੰਧੀ ਅਰਜ਼ੀਆਂ ਤਸਦੀਕ ਲਈ ਸਬੰਧਤ ਸਰਪੰਚ, ਨੰਬਰਦਾਰ ਅਤੇ ਐਮ.ਸੀ. ਨੂੰ ਆਨਲਾਈਨ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸਰਪੰਚ ਅਤੇ ਨੰਬਰਦਾਰ ਇਨ੍ਹਾਂ ਅਰਜ਼ੀਆਂ ਨੂੰ ਤਸਦੀਕ ਕਰਨਗੇ ਜਦਕਿ ਸ਼ਹਿਰੀ ਖੇਤਰਾਂ ਵਿੱਚ ਕੌਂਸਲਰ ਤਸਦੀਕ ਕਰਨਗੇ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ, ਪਟਵਾਰੀ ਤਸਦੀਕ ਲਈ ਸਰਪੰਚ, ਨੰਬਰਦਾਰ ਜਾਂ ਐਮ.ਸੀ. ਨੂੰ ਆਨਲਾਈਨ ਅਰਜੀਆਂ ਭੇਜਣਗੇ।
ਉਨ੍ਹਾਂ ਦੱਸਿਆ ਕਿ ਹੁਣ ਸਰਪੰਚ, ਨੰਬਰਦਾਰ ਅਤੇ ਕੌਂਸਲਰ ਆਪਣੇ ਪਿੰਡ/ਵਾਰਡ ਵਿੱਚ ਰਹਿ ਰਹੇ ਵਿਅਕਤੀ ਦੀ ਅਰਜੀ ਦੀ ਤਸਦੀਕ ਈ-ਸੇਵਾ ਪੋਰਟਲ/ਵੱਟਸਐਪ ਚੈਟ-ਬੋਟ ਨੰ: 9855501076 ਰਾਹੀਂ ਆਨਲਾਈਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਸਰਪੰਚ, ਨੰਬਰਦਾਰ ਜਾਂ ਕੌਂਸਲਰ ਦਾ ਸਮਾਂ ਹੀ ਨਹੀਂ ਬਚੇਗਾ ਸਗੋਂ ਨਾਗਰਿਕਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ-ਪ੍ਰੁਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਰਾਹੀ ਲੋਕ ਘਰ ਬੈਠੇ ਹੀ ਸਰਟੀਫਿਕੇਟ ਹਾਸਲ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਉਨ੍ਹਾਂ ਨਾਗਰਿਕਾਂ ਤੋਂ ਬੋਝ ਘਟੇਗਾ, ਜਿਨ੍ਹਾਂ ਨੂੰ ਪਹਿਲਾਂ ਮੁਸ਼ਕਲ ਪ੍ਰਕਿਰਿਆ ਅਧੀਨ ਸਰਪੰਚਾਂ, ਨੰਬਰਦਾਰਾਂ ਜਾਂ ਐਮ.ਸੀਜ਼ ਤੋਂ ਦਸਤਖਤ ਕਰਵਾਉਣ ਲਈ ਕੋਲ ਵਾਰ-ਵਾਰ ਜਾਣਾ ਪੈਂਦਾ ਸੀ।