ਭਾਸ਼ਾ ਵਿਭਾਗ ਵੱਲੋਂ ਗੁਰੂ ਨਾਨਕ ਭਵਨ ਵਿਖੇ ਨਾਟਕ ਸੰਬੰਧੀ ਸਮਾਗਮ
ਮਾਣਯੋਗ ਮੁੱਖ ਮੰਤਰੀ ਪੰਜਾਬ, ਸ.ਭਗਵੰਤ ਸਿੰਘ ਮਾਨ ਅਤੇ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਮਾਂ-ਬੋਲੀ ਪੰਜਾਬੀ ਦਾ ਮਾਣ ਅਤੇ ਰੁਤਬਾ ਉੱਚਾ ਕਰਨ ਲਈ ਅਨੇਕ ਤਰ੍ਹਾਂ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ। ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਦੁਆਰਾ ਬਹੁਤ ਉਤਸ਼ਾਹ ਨਾਲ਼ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਦੁਆਰਾ ਗੁਰੂ ਨਾਨਕ ਭਵਨ ਲੁਧਿਆਣਾ ਦੇ ਸੋਹਣ ਲਾਲ ਪਾਹਵਾ ਆਡੀਟੋਰੀਅਮ ਵਿਖੇ ਨਾਟਕ ਦਾ ਮੰਚਨ ਕਰਵਾਇਆ ਗਿਆ।
ਭਾਸ਼ਾ ਅਫ਼ਸਰ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸ ਰੰਗ-ਮੰਚ ਸਮਰਾਲਾ ਦੇ ਕਲਾਕਾਰਾਂ ਦੁਆਰਾ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਵਿਚ ਅਮਰਜੀਤ ਸਿੰਘ ਗਰੇਵਾਲ ਦੇ ਲਿਖੇ ਨਾਟਕ ‘ਦੇਹੀ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਅਤੇ ਕਵੀ, ਚਿੱਤਰਕਾਰ ਅਤੇ ਵਾਤਾਵਰਨ ਪ੍ਰੇਮੀ ਸ. ਜਸਵੰਤ ਸਿੰਘ ਜ਼ਫ਼ਰ ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਸ.ਸਵਨਜੀਤ ਸਵੀ, ਨਾਟਕ ਦੇ ਲੇਖਕ ਅਮਰਜੀਤ ਗਰੇਵਾਲ, ਡਾ. ਬਲਵਿੰਦਰ ਸਿੰਘ ਸ਼ਕੀਨ ਉਚੇਚੇ ਤੌਰ ਉੱਤੇ ਮੌਜੂਦ ਸਨ।
ਇਸ ਤੋਂ ਇਲਾਵਾ ਕਲਾ, ਸਿੱਖਿਆ ਅਤੇ ਸਮਾਜਿਕ ਖੇਤਰਾਂ ਵਿੱਚੋਂ ਸ਼ਹਿਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਗੁਲਜ਼ਾਰ ਪੰਧੇਰ, ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਬਲਵੀਰ ਕੌਰ ਪੰਧੇਰ, ਮਨਦੀਪ ਭੰਮਰਾ, ਹਰਲੀਨ ਸੋਨਾ, ਗੁਰਚਰਨ ਕੌਰ ਕੋਚਰ, ਆਰਟਿਸਟ ਹਰਮਿੰਦਰ ਬੋਪਾਰਾਏ, ਦੀਪ ਜਗਦੀਪ ਸਿੰਘ, ਜਸਪ੍ਰੀਤ ਅਮਲਤਾਸ ਆਦਿ ਹਾਜ਼ਰ ਰਹੇ। ਜਸਵੰਤ ਜ਼ਫ਼ਰ ਨੇ ਕਿਹਾ ਕਿ ਇਹ ਨਾਟਕ ਦਾ ਵਿਸ਼ਾ ਭਵਿੱਖ ਨਾਲ਼ ਜੁੜੇ ਸਰੋਕਾਰਾਂ ਨਾਲ ਜੁੜਿਆ ਹੋਇਆ ਜਿਸ ਕਾਰਨ ਇਸ ਦਾ ਵਿਸ਼ੇਸ਼ ਮਹੱਤਵ ਹੈ।
ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਉੱਤੇ ਵੱਜਵਾਂ ਪ੍ਰਭਾਵ ਪਾਇਆ। ਬਲਵਿੰਦਰ ਸਿੰਘ ਸ਼ਕੀਨਾ ਨੇ ਕਿਹਾ ਕਿ ਇਹ ਨਾਟਕ ਦੇ ਗੁੰਝਲਦਾਰ ਵਿਸ਼ੇ ਨੂੰ ਅਦਾਕਾਰਾਂ ਨੇ ਬਹੁਤ ਪਰਿਪੱਕਤਾ ਅਤੇ ਸਫਲਤਾ ਨਾਲ਼ ਮੰਚਨ ਕੀਤਾ ਹੈ ਜਿਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਅੰਤ ਵਿੱਚ ਨਿਰਦੇਸ਼ਕ ਅਤੇ ਅਦਾਕਾਰ ਰਾਜਵਿੰਦਰ ਸਮਰਾਲਾ ਨੇ ਇਸ ਨਾਟਕ ਦੇ ਅਦਾਕਾਰਾਂ ਨਾਲ਼ ਦਰਸ਼ਕਾਂ ਦੀ ਜਾਣ-ਪਹਿਚਾਣ ਕਰਵਾਈ ਅਤੇ ਨਾਟਕ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਅਮਰਜੀਤ ਗਰੇਵਾਲ ਅਤੇ ਸਵਰਨਜੀਤ ਸਵੀ ਨੇ ਵੀ ਨਾਟਕ ਮੰਚਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਦਰਸ਼ਕਾਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ।


