ਕੋਰੋਨਾ ਵਾਂਗ ਇਕ ਵਾਰ ਫਿਰ ਤੋਂ ਚੀਨ ਤੋਂ ਆਏ ਐੱਚ. ਐੱਮ. ਪੀ. ਵੀ. ਵਾਇਰਸ ਨੇ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਉਕਤ ਵਾਇਰਸ ਘੱਟ ਇਮਿਊਨਿਟੀ ਵਾਲੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣੀ ਜਕੜ ਵਿਚ ਲੈ ਰਿਹਾ ਹੈ। ਅੰਮ੍ਰਿਤਸਰ ਅਤੇ ਪੰਜਾਬ ਵਿਚ ਭਾਵੇਂ ਅੱਜ ਤੱਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਲੋਕ ਇਸ ਵਾਇਰਸ ਦੇ ਬਚਾਅ ਲਈ ਡਾਕਟਰਾਂ ਕੋਲੋਂ ਚੱਕਰ ਕੱਟ ਰਹੇ ਹਨ। ਫਿਲਹਾਲ ਉਕਤ ਵਾਇਰਸ ਦੀ ਭਾਰਤ ਵਿਚ ਅਜੇ ਤੱਕ ਕੋਈ ਵੀ ਵੈਕਸੀਨ ਤਿਆਰ ਨਹੀਂ ਹੈ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਇਸ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਗਾਈਡਲਾਈਨ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਹਿਊਮਨ ਮੇਟਾ ਯੂਮੋ ਵਾਇਰਸ (ਐੱਚ. ਐੱਮ. ਪੀ. ਵੀ.) ਸਾਹ ਰੋਗ ਦੇ ਨਾਲ ਸਬੰਧਤ ਹੈ। ਚੀਨ ਵਿਚ ਆਪਣੀ ਦਹਿਸ਼ਤ ਫੈਲਾਉਣ ਤੋਂ ਬਾਅਦ ਇਸ ਵਾਇਰਸ ਦੇ ਭਾਰਤ ਵਿਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਕੋਵਿਡ-19 ਨਾਲ ਮਿਲਦਾ-ਜੁਲਦਾ ਹੈ, ਕਿਉਂਕਿ ਕੋਵਿਡ ਵਾਂਗ ਹੀ ਇਸ ਦੇ ਲੱਛਣ ਤਕਰੀਬਨ ਮੇਲ ਖਾਂਦੇ ਹਨ। ਭਾਰਤ ਵਿਚ ਭਾਵੇਂ ਅਜੇ ਤੱਕ ਇਸ ਵਾਇਰਸ ਨਾਲ ਕੋਈ ਖਤਰਾ ਨਹੀਂ ਹੈ ਪਰ ਚੀਨ ਵਿਚ ਇਸ ਵਾਇਰਸ ਦੇ ਮਾਮਲੇ ਧੜਾਧੜ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਨਿਵਾਸੀਆਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।
ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਤਰਰਾਸ਼ਟਰੀ ਬਾਰਡਰ ਹੋਣ ਕਾਰਨ ਲੋਕ ਇਸ ਵਾਇਰਸ ਨੂੰ ਲੈ ਕੇ ਦੁਚਿੱਤੀ ਵਿਚ ਪਏ ਹੋਏ ਹਨ। ਯੂ. ਐੱਸ. ਸਟੈਂਡਰਡ ਫੋਰ ਡਿਜੀਜ ਕੰਟਰੋਲ ਐਂਡ ਪ੍ਰਵੈਂਸ਼ਨ ਅਨੁਸਾਰ ਇਸ ਨੂੰ ਪਹਿਲੀ ਵਾਰ ਸਾਲ 2001 ਵਿਚ ਲੱਭਿਆ ਗਿਆ। ਭਾਰਤ ਵਿਚ ਬੈਂਗਲੁਰੂ ਅਤੇ ਕੁਝ ਹੋਰ ਥਾਵਾਂ ’ਤੇ ਇਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਛੋਟੇ ਬੱਚੇ ਹੀ ਇਸ ਵਾਇਰਸ ਦੀ ਜਕੜ ਵਿਚ ਆਏ ਹੋਏ ਹਨ।
ਇਸ ਤੋਂ ਇਲਾਵਾ ਇਕ ਦੋ ਸੂਬਿਆਂ ਵੱਲੋਂ ਇਸ ਵਾਇਰਸ ਨੂੰ ਲੈ ਕੇ ਗਾਈਡ-ਲਾਈਨ ਵੀ ਜਾਰੀ ਕੀਤੀ ਗਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਵਿਚ ਇਸ ਵਾਇਰਸ ਨੂੰ ਲੈ ਕੇ ਪਈ ਹੋਈ ਦਹਿਸ਼ਤ ਨੂੰ ਲੈ ਕੇ ਕੋਈ ਜਾਗਰੂਕ ਮੁਹਿੰਮ ਸਿਹਤ ਵਿਭਾਗ ਵੱਲੋਂ ਨਹੀਂ ਚਲਾਈ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਅੰਮ੍ਰਿਤਸਰ ਵਿਚ ਹੀ ਦਾਖਿਲ ਕੀਤਾ ਗਿਆ ਸੀ। ਭਾਵੇਂ ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲਾ ਮਰੀਜ਼ ਕੋਰੋਨਾ ਦੇ ਮਾਮਲੇ ਵਿਚ ਰਿਪੋਰਟ ਕੀਤਾ ਗਿਆ ਸੀ ਪਰ ਅੰਮ੍ਰਿਤਸਰ ਵਿਚ ਉਸ ਨੂੰ ਦਾਖਲ ਕਰ ਕੇ ਟੈਸਟ ਕੀਤਾ ਗਿਆ ਸੀ। ਇਸੇ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਸਰਹੱਦੀ ਇਲਾਕਾ ਹੋਣ ਕਾਰਨ ਲੋਕ ਜ਼ਿਆਦਾ ਦਹਿਸ਼ਤ ਵਿਚ ਨਜ਼ਰ ਆ ਰਹੇ ਹਨ।
ਕੀ ਹੈ ਐੱਚ. ਐੱਮ. ਪੀ. ਵੀ. ਦੇ ਲੱਛਣ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਅਧਿਕਾਰੀ ਅਤੇ ਪ੍ਰਸਿੱਧ ਛਾਤੀ ਰੋਗ ਮਾਹਿਰ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਇਹ ਵਾਇਰਸ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਖਾਸ ਤੌਰ ’ਤੇ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਜਕੜ ਵਿਚ ਲੈਂਦਾ ਹੈ। ਇਸ ਵਾਇਰਸ ਵਿਚ ਖਾਂਸੀ, ਬੁਖਾਰ, ਨੱਕ ਬੰਦ ਹੋਣਾ, ਸਾਹ ਲੈਣ ਵਿਚ ਤਕਲੀਫ ਹੋਣਾ, ਥਕਾਵਟ ਮਹਿਸੂਸ ਹੋਣਾ, ਗਲੇ ਵਿਚ ਖਰਾਸ਼ ਹੋਣਾ, ਸਰੀਰ ’ਤੇ ਲਾਲ ਨਿਸ਼ਾਨ ਪੈਣੇ ਆਦਿ ਸ਼ਾਮਲ ਹਨ। ਇਸ ਵਾਇਰਸ ਵਿਚ ਮੁੱਖ ਗੱਲ ਹੈ ਕਿ ਦੋ ਲੋਕਾਂ ਵਿੱਚ ਸਾਹ ਪ੍ਰਣਾਲੀ ਦੇ ਰਸਤੇ ਇਹ ਤੇਜ਼ੀ ਨਾਲ ਫੈਲਦਾ ਹੈ। ਨਾਲ ਹੀ ਲੋਕਾਂ ਨਾਲ ਸੰਪਰਕ ਜਿਵੇਂ ਕਿ ਹੱਥ ਮਿਲਾਉਣਾ ਵਾਇਰਸ ਨਾਲ ਦੂਸ਼ਿਤ ਕਿਸੇ ਚੀਜ਼ ਨੂੰ ਫੜਨਾ ਆਦੀ ਸ਼ਾਮਲ ਹਨ।
ਬਿਨਾਂ ਡਾਕਟਰ ਦੀ ਸਲਾਹ ਦੇ ਨਾ ਲਈ ਜਾਵੇ ਐਂਟੀਬੋਟਿਕ ਦਵਾਈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਇਹ ਵਾਇਰਸ ਕੁਝ ਦਿਨਾਂ ਵਿਚ ਹੀ ਖਤਮ ਹੋ ਜਾਂਦਾ ਹੈ ਪਰ ਲੋਕਾਂ ਨੂੰ ਇਸ ਵਾਇਰਸ ਨੂੰ ਲੈ ਕੇ ਦਹਿਸ਼ਤ ਵਿਚ ਨਹੀਂ ਆਉਣਾ ਚਾਹੀਦਾ। ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਐਂਟੀਬੋਟਿਕ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਆਪਣੀ ਇਮਿਊਨਿਟੀ ਬਣਾਏ ਰੱਖਣੀ ਚਾਹੀਦੀ ਹੈ। ਭੀੜ-ਭਾੜ ਵਾਲੇ ਜਗ੍ਹਾ ’ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੀਮਾਰ ਵਿਅਕਤੀ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ। ਹੱਥਾਂ ਨੂੰ ਬਾਰ-ਬਾਰ ਸਾਫ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦਾ ਖਾਣਾ-ਖਾਣਾ ਚਾਹੀਦਾ ਹੈ ਅਤੇ ਬਾਹਰੀ ਖਾਣੇ ਤੋਂ ਪ੍ਰੇਹੇਜ਼ ਕਰਨਾ ਚਾਹੀਦਾ ਹੈ। ਜੁਕਾਮ ਵਾਲੇ ਮਰੀਜ਼ਾਂ ਨੂੰ ਗਰਮ ਪਾਣੀ ਦੀ ਭਾਫ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵੀ ਜਾਗਰੂਕ ਲੈਣਾ ਚਾਹੀਦਾ ਹੈ ਅਤੇ ਬਚਾਅ ਵਿਚ ਹੀ ਬਚਾਅ ਰੱਖਣਾ ਚਾਹੀਦਾ ਹੈ।
ਗੰਭੀਰ ਰੋਗ ਨਾਲ ਪੀੜਤ ਮਰੀਜ਼ ਰਹਿਣ ਸਾਵਧਾਨ
ਸਰਕਾਰੀ ਟੀ. ਬੀ. ਹਸਪਤਾਲ ਦੇ ਸਾਬਕਾ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਸ਼ੂਗਰ, ਫੇਫੜਿਆਂ ਦੀ ਬੀਮਾਰੀ ਨਾਲ ਸਬੰਧਤ ਅਤੇ ਹੋਰਨਾ ਬੀਮਾਰੀਆਂ ਦੀ ਜਕੜ ਵਿਚ ਆਏ ਮਰੀਜ਼ ਸਾਵਧਾਨ ਉਕਤ ਵਾਇਰਸ ਨੂੰ ਲੈ ਕੇ ਹੋਣੇ ਚਾਹੀਦੇ ਹਨ। ਇਹ ਵਾਇਰਸ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਜਗ੍ਹਾ ਵਿਚ ਲੈਂਦਾ ਹੈ। ਭਾਵੇਂਕਿ ਪੰਜਾਬ ਅਤੇ ਅੰਮ੍ਰਿਤਸਰ ਤੋਂ ਇਲਾਵਾ ਭਾਰਤ ਵਿੱਚ ਇਸ ਸੰਬੰਧੀ ਕੋਈ ਦਹਿਸ਼ਤ ਵਾਲਾ ਮਾਹੌਲ ਨਹੀਂ ਹੈ ਪਰ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਦਰਸਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਲੋਕਾਂ ਨੂੰ ਕੋਈ ਵੀ ਸ਼ੰਕਾ ਹੋਣ ’ਤੇ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ ਅਤੇ ਆਪਣੀ ਇਮਿਊਨਿਟੀ ਬਣਾਏ ਰੱਖਣ ਲਈ ਮਹੱਤਵਪੂਰਨ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।


