ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸੂਬੇ ਵਿੱਚ ਵੱਖ-ਵੱਖ ਸਥਾਨਾਂ/ਸੈਰ-ਸਪਾਟਾ ਸਥਾਨਾਂ ‘ਤੇ ਪਾਰਕਿੰਗ, ਜਨਤਕ ਸਹੂਲਤਾਂ, ਸੁੰਦਰੀਕਰਨ ਕਾਰਜ ਆਦਿ ਵਰਗੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਸੌਂਦ ਨੇ ਦੱਸਿਆ ਕਿ ਇਸ ਸਾਲ ਦੌਰਾਨ ਪੰਜਾਬ ਟੂਰਿਜ਼ਮ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁੰਬਈ, ਨਵੀਂ ਦਿੱਲੀ, ਪਟਨਾ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਜੈਪੁਰ ਆਦਿ ਥਾਵਾਂ ‘ਤੇ ਵੱਖ-ਵੱਖ ਵਪਾਰਕ ਪ੍ਰਦਰਸ਼ਨੀਆਂ ਵਿੱਚ ਸ਼ਮੂਲੀਅਤ ਕੀਤੀ। ਵਿਭਾਗ ਨੇ 24-28 ਜਨਵਰੀ 2024 ਤੱਕ ਮੈਡ੍ਰਿਡ ਅਤੇ 5-7 ਮਾਰਚ 2024 ਤੱਕ ਆਈ.ਟੀ.ਬੀ. ਬਰਲਿਨ ਵਿੱਚ ਵੀ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਨਿਧੀ ਪਲੱਸ ਪੋਰਟਲ ‘ਤੇ ਨਵੰਬਰ ਮਹੀਨੇ ਵਿੱਚ ਸਭ ਤੋਂ ਵੱਧ ਆਕਰਸ਼ਣ/ਡੈਸਟਿਨੇਸ਼ਨ ਨੂੰ ਅਪਲੋਡ ਕਰਨ ਲਈ ਪੰਜਾਬ ਨੇ ਪਹਿਲਾ ਰੈਂਕ ਹਾਸਲ ਕੀਤਾ। ਪੰਜਾਬ ਨੇ ਕੁੱਲ 263 ਆਕਰਸ਼ਣ/ ਡੈਸਟਿਨੇਸ਼ਨ ਨੂੰ ਅਪਲੋਡ ਕੀਤਾ ਸੀ।
ਇਸੇ ਤਰ੍ਹਾਂ ਉਤਸਵ ਪੋਰਟਲ ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਨੂੰ ਅਪਡੇਟ ਕਰਦਾ ਹੈ ਜਿਸ ਵਿੱਚ ਪੰਜਾਬ ਦੇ 68 ਤਿਉਹਾਰਾਂ ਨੂੰ ਅਪਲੋਡ ਕੀਤਾ ਗਿਆ ਹੈ। ਸੈਰ-ਸਪਾਟਾ ਮੰਤਰਾਲੇ ਦੇ ਉਤਸਵ ਪੋਰਟਲ ‘ਤੇ ਨਵੰਬਰ 2024 ਮਹੀਨੇ ਦੌਰਾਨ ਰਾਜ ਦਰਜਾਬੰਦੀ ਵਿੱਚ ਪੰਜਾਬ ਦਾ 8ਵਾਂ ਸਥਾਨ ਰਿਹਾ।ਸੌਂਦ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ 31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 750 ਪਿੰਡਾਂ ਨੇ ਸਰਵੋਤਮ ਸੈਰ ਸਪਾਟਾ ਪਿੰਡ 2023 ਐਵਾਰਡ ਲਈ ਅਪਲਾਈ ਕੀਤਾ ਸੀ ਅਤੇ ਅੰਤਿਮ 35 ਪਿੰਡਾਂ ਵਿੱਚੋਂ ਨਵਾਂਪਿੰਡ ਸਰਦਾਰਾਂ ਜ਼ਿਲ੍ਹਾ ਗੁਰਦਾਸਪੁਰ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ-2023 ਵਜੋਂ ਸਨਮਾਨਿਤ ਕੀਤਾ ਗਿਆ ਸੀ।
ਇਸ ਸਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹੰਸਾਲੀ ਫਾਰਮ ਸਟੇ ਨੂੰ ਭਾਰਤ ਸਰਕਾਰ ਵੱਲੋਂ ਖੇਤੀ ਸੈਰ-ਸਪਾਟਾ ਸ਼੍ਰੇਣੀ ਵਿੱਚ ਭਾਰਤ ਦੇ ਸਰਵੋਤਮ ਸੈਰ ਸਪਾਟਾ ਪਿੰਡ-2024 ਲਈ ਸਨਮਾਨਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 1 ਤੋਂ 3 ਅਗਸਤ ਤੱਕ ਨਵੀਂ ਦਿੱਲੀ ਵਿਖੇ ਭਾਰਤ ਮੰਡਪਮ ਵਿਖੇ ਕਰਵਾਏ ਭਾਰਤ ਮਿਊਜ਼ੀਅਮ ਕਨਕਲੇਵ ਵਿੱਚ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਉੱਤਰੀ ਜ਼ੋਨ ਸਟੇਟ ਮਿਊਜ਼ੀਅਮ ਯੁੱਗ ਯੁਗੀਨ ਕਾਨਫਰੰਸ ਵਿੱਚ ਵੀ ਸਨਮਾਨਿਤ ਕੀਤਾ ਗਿਆ।


