ਰੋਜ਼ਾਨਾ ਸਪੋਕਸਮੈਨ ਦੀ ਟੀਮ ਉਤਰ ਪ੍ਰਦੇਸ਼ ਦੇ ਪਿੰਡ ਟਾਟਰਗੰਜ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ ਜੋ ਨੇਪਾਲ ਦੇ ਬਾਰਡਰ ਨੇੜੇ ਪੈਂਦਾ ਹੈ। ਜਿਥੇ ਨਾ ਕੋਈ ਸਕੂਲ, ਹਸਪਤਾਲ ਆਦਿ ਹੋਰ ਸਹੂਲਤ ਨਹੀਂ ਹੈ। ਇਥੋਂ ਦੇ ਸਿੱਖ ਪਰਿਵਾਰ ਗ਼ਰੀਬੀ ਨਾਲ ਜੂਝ ਰਹੇ ਹਨ। ਇਸ ਪਿੰਡ ’ਚ ਇਕ ਵੀ ਪੱਕਾ ਮਕਾਨ ਨਹੀਂ ਹੈ। ਪਿੰਡ ਵਾਸੀ ਕੱਚੇ ਮਕਾਨਾਂ ਵਿਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ।

ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਮੇਰੀ ਉਮਰ 75 ਸਾਲ ਹੈ ਤੇ ਮੇਰਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਕੋਲ ਅਬੋਹਰ ਦੇ ਪਿੰਡ ਕੋਲ ਖੇੜਾ ਤੋਂ ਹੈ। ਸਾਡੇ ਪਿੰਡ ਟਾਟਰਗੰਜ ਵਿਚ 3000 ਲੋਕ ਰਹਿੰਦੇ ਹਨ। ਉਨ੍ਹਾਂ ਦੀ ਲੜਕੀ ਨੇ ਕਿਹਾ ਕਿ ਮੇਰੇ ਦਾਦਕੇ ਫਿਰੋਜ਼ਪੁਰ ਹਨ। ਸਾਡਾ ਜਨਮ ਇਸ ਪਿੰਡ ਵਿਚ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਗ਼ਰੀਬੀ ਵਿਚ ਜੀਵਨ ਬਤੀਤ ਕਰ ਰਹੇ ਹਾਂ।

ਸਾਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲਦੀ।ਵੋਟਾਂ ਸਮੇਂ ਤਾਂ ਇਥੇ ਲੀਡਰਾਂ ਦੀ ਲਾਈਨਾਂ ਲੱਗ ਜਾਂਦੀਆਂ ਹਨ ਪਰ ਬਾਅਦ ਵਿਚ ਕੋਈ ਨਹੀਂ ਆਉਂਦਾ। ਜਦੋਂ ਨਦੀ ਦਾ ਪਾਣੀ ਚੜ੍ਹਦਾ ਹੈ ਤਾਂ ਸਾਡੇ ਘਰਾਂ ਵਿਚ 6-6 ਫ਼ੁੱਟ ਪਾਣੀ ਵੜ ਜਾਂਦਾ ਹੈ ਤੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਅਸੀਂ ਕਈ-ਕਈ ਦਿਨ ਤਾਂ ਭੁੱਖੇ ਰਹਿੰਦੇ ਹਾਂ। ਸਾਡੇ ਪਿੰਡ ਵਿਚੋਂ ਕੁੱਝ ਲੋਕਾਂ ਨੇ ਧਰਮ ਬਦਲਿਆ ਹੈ ਪਰ ਸਾਡਾ ਸਾਰਾ ਪਿੰਡ ਗੁਰਦੁਆਰਾ ਸਾਹਿਬ ਜਾਂਦਾ ਹੈ। ਸਾਰੇ ਗੁਰਪੁਰਬ ਮਨਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਸੀਸ ਲੱਥ ਜਾਵੇਗਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਾਂਗੇ। ਅਸੀਂ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਾਂ। ਗੁਰਦੁਆਰਾ ਸਾਹਿਬ ਕੀਰਤਨ ਦਰਬਾਰ ਵੀ ਕਰਵਾਏ ਜਾਂਦੇ ਹਨ। ਸਾਡੇ ਪਿੰਡ ਤੋਂ ਕਈ ਕਿਲੋਮੀਟਰ ਦੂਰ ਇਕ 5ਵੀਂ ਤੇ 8ਵੀਂ ਜਮਾਤ ਦਾ ਸਕੂਲ ਹੈ। ਹਸਪਤਾਲ ਸਾਡੇ ਪਿੰਡ ਤੋਂ 50 ਕਿਲੋਮੀਟਰ ਦੂਰ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰੀਆਂ ਸਰਕਾਰੀ ਸਹੂਲਤਾਂ ਦਿਤੀਆਂ ਜਾਣ ਤਾਂ ਜੋ ਅਸੀਂ ਉਨ੍ਹਾਂ ਦਾ ਲਾਭ ਉਠਾ ਸਕੀਏ।

Share.

“I’m a Newswriter, “I write about the trending news events happening all over the world.

Leave A Reply