ਤਰਨਤਾਰਨ, 4 ਨਵੰਬਰ: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਸਮਾਜ ਨੂੰ ਤੋੜਨ ਵਾਲੀ ਨਕਾਰਾਤਮਕ ਰਾਜਨੀਤੀ ਕਰ ਰਹੀਆਂ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ‘ਖਜ਼ਾਨਾ ਖਾਲੀ’ ਹੋਣ ਦਾ ਰੋਣਾ ਰੋਂਦੀਆਂ ਸਨ ਕਿਉਂਕਿ ਉਨ੍ਹਾਂ ਦੀ ਨੀਅਤ ‘ਚ ਖੋਟ ਸੀ। ਉਹ ਖੁਦ ਚੋਰ ਬਣੇ ਬੈਠੇ ਸਨ, ਇਸ ਲਈ ਨਾ ਜੀਐਸਟੀ ਵਧਿਆ ਨਾ ਟੈਕਸ। ‘ਆਪ’ ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ-ਅਕਾਲੀਆਂ ਦੇ ਪੰਜ-ਪੰਜ ਸਾਲਾਂ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ ਅਤੇ ਉਸਨੂੰ ਲੋਕਾਂ ‘ਤੇ ਖਰਚ ਵੀ ਕੀਤਾ ਹੈ। ਚੀਮਾ ਨੇ ਸਵਾਲ ਕੀਤਾ ਕਿ ਜੇ ਖਜ਼ਾਨਾ ਭਰ ਨਾ ਰਿਹਾ ਹੁੰਦਾ ਤਾਂ 56,000 ਨੌਕਰੀਆਂ ਕਿੱਥੋਂ ਦਿੱਤੀਆਂ ਜਾਂਦੀਆਂ? ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੀਮਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਹੱਥਾਂ ‘ਚ ਵੇਚ ਦਿੱਤਾ ਸੀ, ‘ਆਪ’ ਸਰਕਾਰ ਨੇ ਹਿੰਮਤ ਦਿਖਾ ਕੇ ਉਸਨੂੰ ਵਾਪਸ ਖਰੀਦਿਆ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ। ਖ਼ਜ਼ਾਨਾ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਾਂਝੀਵਾਲਤਾ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਸੀ। ਪਰ ਕਾਂਗਰਸ ਪਾਰਟੀ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਕੇ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਉਸ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀ ਹੈ, ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦਾ ਰਿਹਾ ਹੈ। ਉਨ੍ਹਾਂ ਮੁਖਤਾਰ ਅੰਸਾਰੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਵੇਂ ਯੂਪੀ ਦੇ ਗੈਂਗਸਟਰ ਨੂੰ ਰੋਪੜ ਜੇਲ੍ਹ ‘ਚ ਰੱਖ ਕੇ ਉਸਦੀ ਪੁਸ਼ਤ-ਪਨਾਹੀ ਕੀਤੀ ਗਈ। ਇਸੇ ਤਰ੍ਹਾਂ ਅਕਾਲੀ-ਕਾਂਗਰਸ ਦੇ ਰਾਜ ਵਿੱਚ ਮਾਝੇ ਦਾ ਇਹ ਇਲਾਕਾ ਨਸ਼ਿਆਂ ਦੇ ਹੜ੍ਹ ਲਈ ਬਦਨਾਮ ਸੀ। ਪਰ ‘ਆਪ’ ਸਰਕਾਰ ਨੇ ਐਂਟੀ-ਗੈਂਗਸਟਰ ਫੋਰਸ ਬਣਾ ਕੇ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ ਅਤੇ ਨਸ਼ਿਆਂ ਖਿਲਾਫ਼ ਵੱਡੀ ਜੰਗ ਛੇੜੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤਰਨਤਾਰਨ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ। ਲੋਕ ਦੇਖ ਰਹੇ ਹਨ ਕਿ ਕੌਣ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਕਾਸ ਦੀ ਲੜੀ ਨੂੰ ਜਾਰੀ ਰੱਖਣ ਲਈ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ।
Trending
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
- ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ
- ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਆਰੰਭ


