ਤਰਨ ਤਾਰਨ, 29 ਨਵੰਬਰ 2025 :  ਪੰਜਾਬ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਜੀ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਤਰਨ ਤਾਰਨ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਅਪਰਾਧਿਕ ਅਤੇ ਨਾਮੀ ਗੈਂਗਸਟਰਾਂ – ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਬਾਬਾ – ਸਮੇਤ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਸ.ਪੀ. ਤਰਨ ਤਾਰਨ ਸ੍ਰੀ ਸੁਰੇਂਦਰ ਲਾਂਬਾ ਜੀ ਦੀ ਨਿਗਰਾਨੀ ਹੇਠ, ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਅਗਵਾਈ ਵਿੱਚ ਹਥਿਆਰਾਂ ਦੀ ਤਸਕਰੀ ‘ਤੇ ਕਾਬੂ ਪਾਉਣ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਸਨ।

ਮਿਤੀ 26.11.2025 ਨੂੰ, ਪੁਲਿਸ ਨੂੰ ਇੰਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਰਾਜੂ ਸ਼ੂਟਰ (ਵਾਸੀ ਸੰਘੇ) ਅਤੇ ਹੈਪੀ ਬਾਬਾ (ਵਾਸੀ ਅਲਾਦੀਪੁਰ) ਨੇ ਜੇਲ੍ਹ ਵਿੱਚੋਂ ਰਿਹਾਅ ਹੋਣ ਦੀ ਖੁਸ਼ੀ ਵਿੱਚ ਸ਼ਾਹ ਪੈਲੇਸ ਨੌਰੰਗਾਬਾਦ ਵਿਖੇ ਪਾਰਟੀ ਰੱਖੀ ਹੈ। ਉਨ੍ਹਾਂ ਨੇ ਆਪਣੇ ਅਪਰਾਧਿਕ ਦੋਸਤਾਂ ਨੂੰ ਵੀ ਬੁਲਾਇਆ ਸੀ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਸਨ।

ਸੂਚਨਾ ਮਿਲਣ ‘ਤੇ, ਤਰਨ ਤਾਰਨ ਪੁਲਿਸ ਨੇ ਤੁਰੰਤ ਛਾਪੇਮਾਰੀ ਕੀਤੀ ਅਤੇ ਹੇਠ ਲਿਖੇ ਸੱਤ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ:

ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ (ਵਾਸੀ ਸੰਘੇ) ਹਰਪ੍ਰੀਤ ਸਿੰਘ ਉਰਫ਼ ਹੈਪੀ ਬਾਬਾ (ਵਾਸੀ ਅਲਾਦੀਪੁਰ)

ਮਨਜਿੰਦਰ ਸਿੰਘ ਉਰਫ਼ ਮਨੀ (ਵਾਸੀ ਜੋਧਪੁਰ)

ਰਾਜਕਰਨ ਸਿੰਘ ਉਰਫ਼ ਰਾਜਾ (ਵਾਸੀ ਸਾਹਬਪੁਰ)

ਬੋਬੀ (ਵਾਸੀ ਸਰਾਵਾ ਨੇੜੇ ਅਜਨਾਲਾ)

ਜੁਗਰਾਜ ਸਿੰਘ (ਵਾਸੀ ਨੌਰੰਗਾਬਾਦ)

ਗੁਰਦੇਵ ਸਿੰਘ (ਵਾਸੀ ਕੱਕਾ ਕੰਡਿਆਲਾ)

ਬਰਾਮਦਗੀ ਦਾ ਵੇਰਵਾ
ਪੁਲਿਸ ਨੇ ਦੋਸ਼ੀਆਂ ਪਾਸੋਂ ਕੁੱਲ 07 ਪਿਸਤੌਲ ਅਤੇ 14 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸ਼ੁਰੂਆਤੀ ਬਰਾਮਦਗੀ ਵਿੱਚ 05 ਪਿਸਤੌਲ (.30 ਬੋਰ ਅਤੇ .32 ਬੋਰ), 01 ਪਿਸਤੌਲ ਡੱਮੀ ਅਤੇ ਜ਼ਿੰਦਾ ਕਾਰਤੂਸ ਸ਼ਾਮਲ ਸਨ।

ਰਿਮਾਂਡ ਦੌਰਾਨ ਖੁਲਾਸਾ: ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ, ਮੁੱਖ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਬਾਬਾ ਅਤੇ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਦੇ ਘਰਾਂ ਤੋਂ 01-01 ਜਗਾਨਾ ਪਿਸਤੌਲ 9 ਐਮ.ਐਮ. ਸਮੇਤ 02-02 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ।

ਅਪਰਾਧਿਕ ਇਤਿਹਾਸ ਅਤੇ ਕਾਰਵਾਈ
ਰਾਜੂ ਸ਼ੂਟਰ ਦੇ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ 17 ਮੁਕੱਦਮੇ ਦਰਜ ਹਨ। ਉਹ 18.10.2025 ਨੂੰ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ‘ਤੇ ਆਇਆ ਸੀ।

ਹੈਪੀ ਬਾਬਾ ਦੇ ਖਿਲਾਫ਼ ਵੀ 16 ਮੁਕੱਦਮੇ ਦਰਜ ਹਨ, ਜੋ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਤੋਂ ਜ਼ਮਾਨਤ ‘ਤੇ ਆਇਆ ਸੀ।

ਦੋਸ਼ੀਆਂ ਖਿਲਾਫ਼ ਥਾਣਾ ਸਦਰ ਤਰਨ ਤਾਰਨ ਵਿਖੇ ਮੁੱਕਦਮਾ ਨੰਬਰ 276 ਮਿਤੀ 26.11.2025 ਜੁਰਮ 25(6)/25(7) ਅਸਲਾ ਐਕਟ ਵਾਧਾ ਜੁਰਮ 111 ਬੀ.ਐਨ.ਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share.

“I’m a Newswriter, “I write about the trending news events happening all over the world.

Leave A Reply