ਖਨੌਰੀ ਬਾਰਡਰ ’ਤੇ 21 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹੋਏ ਹਨ। ਘੁੱਟ ਘੁੱਟ ਪਾਣੀ ਪੀ ਕੇ ਉਨ੍ਹਾਂ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਹੋਇਆ ਹੈ। ਉੱਥੇ ਹੀ ਹੁਣ ਭਲਕੇ ਸੰਯੁਕਤ ਕਿਸਾਨ ਮੋਰਚੇ ਸਿਆਸੀ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੰਯੁਕਤ ਕਿਸਾਨ ਮੋਰਚੇ ਸਿਆਸੀ ਵੱਲੋਂ ਭਲਕੇ ਚੰਡੀਗੜ੍ਹ ’ਚ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਮਗਰੋਂ ਸ਼ਾਮੀ 7 ਵਜੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਮੰਗਾਂ ਸਬੰਧੀ ਪੱਤਰ ਸੌਂਪਿਆ ਜਾਵੇਗਾ। ਇਸ ਸਬੰਧੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਰੱਖੀ ਗਈ ਸੀ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨੂੰ ਦੇਖਦੇ ਹੋਏ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ।
ਕਿਸਾਨਾਂ ਦੀ ਇਹ ਮੀਟਿੰਗ 18 ਦਸੰਬਰ ਨੂੰ ਕਿਸਾਨ ਭਵਨ ਵਿਖੇ ਹੋਵੇਗੀ। ਜਿਸ ’ਚ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਤਮਾਮ ਨੁਮਾਇੰਦੇ ਪਹੁੰਚਣਗੇ। ਇਸ ਮੀਟਿੰਗ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤੇ ਪੰਜਾਬ ਦੇ ਬਾਰਡਰਾਂ ’ਤੇ ਚਲ ਰਹੇ ਮੋਰਚਿਆਂ ਨੂੰ ਲੈਕੇ ਗੱਲਬਾਤ ਕੀਤੀ ਜਾਵੇਗੀ।