ਜਲੰਧਰ ‘ਚ ਗੀਜ਼ਰ ਗੈਸ ਲੀਕ ਹੋਣ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਇਕੱਠੀਆਂ ਹੀ ਨਹਾਉਣ ਲਈ ਬਾਥਰੂਮ ਗਈਆਂ ਸਨ। ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਦੋਹਾਂ ਦੇ ਸਰੀਰ ਨੀਲੇ ਹੋ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀਆਂ ਦੀ ਪਛਾਣ ਸ਼ਰਨਜੋਤ ਕੌਰ (10) ਅਤੇ ਪ੍ਰਭਜੋਤ ਕੌਰ (12) ਵਜੋਂ ਹੋਈ ਹੈ। ਪ੍ਰਭਜੋਤ 7ਵੀਂ ਜਮਾਤ ਦੀ ਅਤੇ ਸ਼ਰਨਜੋਤ ਕੌਰ 5ਵੀਂ ਜਮਾਤ ਦੀ ਵਿਦਿਆਰਥਣ ਸੀ।
ਲੜਕੀਆਂ ਭੋਗਪੁਰ ਕਸਬੇ ਦੇ ਪਿੰਡ ਲੜੋਈ ਦੀਆਂ ਰਹਿਣ ਵਾਲੀਆਂ ਸਨ। ਦੋਵੇਂ ਲੜਕੀਆਂ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਕੰਮ ਕਰਦੇ ਹਨ। ਦੋਵੇਂ ਆਪਣੇ ਦਾਦਾ ਜੀ ਕੋਲ ਰਹਿੰਦੀਆਂ ਸਨ। ਬੱਚੀਆਂ ਦੀ ਮਾਂ ਅੱਜ ਵਿਦੇਸ਼ ਤੋਂ ਵਾਪਸ ਆਈ। ਦੋਵਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ 1 ਵਜੇ ਕੀਤਾ ਗਿਆ।