ਸੰਸਦ ‘ਚ ਚੱਲ ਰਹੇ ਗਤੀਰੋਧ ਦੇ ਵਿਚਕਾਰ ਹੁਣ ਵਿਰੋਧੀ ਧਿਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਖਿਲਾਫ਼ ਲਾਮਬੰਦ ਹੋ ਗਈ ਹੈ। ਵਿਰੋਧੀ ਧਿਰ ਇੰਡੀਆ ਬਲਾਕ ਨੇ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਲਿਆਂਦਾ ਹੈ। ਵਿਰੋਧੀ ਗਠਜੋੜ ਨੇ ਦੁਪਹਿਰ 1.37 ਵਜੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਇਸ ਸਬੰਧੀ ਪ੍ਰਸਤਾਵ ਸੌਂਪਿਆ ਹੈ।
ਜਗਦੀਪ ਧਨਖੜ ਖਿਲਾਫ਼ ਬੇਭਰੋਸਗੀ ਮਤੇ ‘ਤੇ 60 ਮੈਂਬਰਾਂ ਦੇ ਦਸਤਖ਼ਤ ਹਨ। ਜਾਣਕਾਰੀ ਮੁਤਾਬਕ ਵਿਰੋਧੀ ਪਾਰਟੀਆਂ ਨੇ ਰਾਜ ਸਭਾ ‘ਚ ਮਤਾ ਪੇਸ਼ ਕਰਕੇ ਸੰਵਿਧਾਨ ਦੀ ਧਾਰਾ 67-ਬੀ ਤਹਿਤ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਹ ਪ੍ਰਸਤਾਵ ਉਪ ਰਾਸ਼ਟਰਪਤੀ, ਜੋ ਰਾਜ ਸਭਾ ਦੇ ਸਾਬਕਾ ਚੇਅਰਮੈਨ ਵੀ ਹਨ, ਨੂੰ ਹਟਾਉਣ ਦੀ ਮੰਗ ਕਰਦੇ ਹੋਏ ਲਿਆਂਦਾ ਗਿਆ ਹੈ।
ਇਸ ਪ੍ਰਸਤਾਵ ‘ਤੇ ਸੋਨੀਆ ਗਾਂਧੀ ਜਾਂ ਕਿਸੇ ਵੀ ਪਾਰਟੀ ਦੇ ਫਲੋਰ ਨੇਤਾਵਾਂ ਨੇ ਦਸਤਖ਼ਤ ਨਹੀਂ ਕੀਤੇ ਹਨ।ਕਾਂਗਰਸ ਦੇ ਜੈਰਾਮ ਰਮੇਸ਼ ਅਤੇ ਪ੍ਰਮੋਦ ਤਿਵਾਰੀ ਦੇ ਨਾਲ-ਨਾਲ ਤ੍ਰਿਣਮੂਲ ਕਾਂਗਰਸ ਤੋਂ ਨਦੀਮ ਉਲ ਹੱਕ ਅਤੇ ਸਾਗਰਿਕਾ ਘੋਸ਼ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਇਹ ਪ੍ਰਸਤਾਵ ਸੌਂਪਿਆ। ਵਿਰੋਧੀ ਪਾਰਟੀਆਂ ਨੇ ਬੇਭਰੋਸਗੀ ਮਤੇ ਵਿੱਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਚੇਅਰਮੈਨ ਪੱਖਪਾਤੀ ਹੈ। ਵਿਰੋਧੀ ਪਾਰਟੀਆਂ ਨੇ ਇੱਕ ਦਿਨ ਪਹਿਲਾਂ ਦੀ ਉਦਾਹਰਣ ਦਿੰਦਿਆਂ ਕਿਹਾ ਹੈ ਕਿ ਖਜ਼ਾਨਾ ਬੈਂਚ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਸੀ ਪਰ ਜਦੋਂ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਬੋਲ ਰਹੇ ਸਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ।