ਪਸ਼ੂ ਪਾਲਣ ਵਿਭਾਗ ਵੱਲੋਂ ਅੱਜ ਬਲਾਕ ਭੋਗਪੁਰ ਦੇ ਪਿੰਡ ਬਿਨਪਾਲਕੇ ਵਿਖੇ ਐਸਕਾਰਡ ਸਕੀਮ ਅਧੀਨ ਬਲਾਕ ਪੱਧਰੀ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਅਤੇ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਡਾ. ਜੀ. ਐਸ. ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰੂਨ ਰਤਨ ਵੱਲੋਂ ਕੀਤਾ ਗਿਆ।
ਕੈਂਪ ਵਿੱਚ ਮਾਹਰ ਡਾਕਟਰਾਂ ਵੱਲੋਂ ਠੰਡ ਦੇ ਮੌਸਮ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਾਂਭ-ਸੰਭਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪਸ਼ੂਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕੀਤੀ ਜਾਣ ਵਾਲੀ ਵੈਕਸੀਨੇਸ਼ਨ ਅਤੇ ਹੋਰ ਵਿਭਾਗੀ ਸਕੀਮਾਂ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਕੈਂਪ ਵਿੱਚ ਸਹਾਇਕ ਨਿਰਦੇਸ਼ਕ ਡਾ. ਅਨਿਲ ਕਪੂਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਮ ਮੂਰਤੀ ਮੱਟੂ ਅਤੇ ਵੈਟਰਨਰੀ ਅਫ਼ਸਰ ਡਾ. ਗੁਰਪਾਲ ਸਿੰਘ, ਡਾ. ਜੈਦੀਪ ਸਿੰਘ, ਡਾ. ਮਨਪ੍ਰੀਤ ਕੌਰ ਤੋਂ ਇਲਾਵਾ ਵੈਟਰਨਰੀ ਇੰਸਪੈਕਟਰ ਗੋਬਿੰਦ ਪਾਰਕ, ਜਤਿੰਦਰ ਕੁਮਾਰ ਵੱਲੋਂ ਡਿਊਟੀ ਨਿਭਾਈ ਗਈ। ਇਸ ਕੈਂਪ ਵਿੱਚ ਪਿੰਡ ਬਿਨਪਾਲਕੇ ਤੋਂ ਇਲਾਵਾ ਇਲਾਕੇ ਦੇ ਹੋਰ ਪਸ਼ੂ ਪਾਲਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੰਚ ਸੰਚਾਲਨ ਵੈਟਰਨਰੀ ਇੰਸਪੈਕਟਰ ਚਰਨਜੀਤ ਸਿੰਘ ਵੱਲੋਂ ਕੀਤਾ ਗਿਆ। ਅੰਤ ਵਿੱਚ ਪਿੰਡ ਦੇ ਸਰਪੰਚ ਸ਼੍ਰੀਮਤੀ ਬਲਬੀਰ ਕੌਰ ਨੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਸ਼ੂ ਪਾਲਣ ਵਿਭਾਗ ਜਲੰਧਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ।