ਲੁਧਿਆਣਾ, 12 ਨਵੰਬਰ – ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ 14 ਨਵੰਬਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿਖੇ ਇੱਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਯਾਦਗਾਰ ਲੜੀ ਦਾ ਇੱਕ ਮੁੱਖ ਹਿੱਸਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਦੀਵੀ ਸਿੱਖਿਆਵਾਂ ‘ਤੇ ਕੇਂਦ੍ਰਿਤ ਇੱਕ ਮਨਮੋਹਕ ਲਾਈਟ ਐਂਡ ਸਾਊਂਡ ਸ਼ੋਅ 14 ਨਵੰਬਰ ਨੂੰ ਸ਼ਾਮ 6:00 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਅਡਵਾਂਸ ਡਿਜੀਟਲ ਸਟੋਰੀਟੈਲਿੰਗ ਰਾਹੀਂ 45 ਮਿੰਟ ਦੀ ਪੇਸ਼ਕਾਰੀ ਗੁਰੂ ਜੀ ਦੇ ਅਸਾਧਾਰਨ ਜੀਵਨ, ਡੂੰਘੇ ਦਰਸ਼ਨ ਅਤੇ ਸਰਵਉੱਚ ਕੁਰਬਾਨੀ ਨੂੰ ਸਪਸ਼ਟ ਰੂਪ ਵਿੱਚ ਦਰਸਾਏਗੀ।
ਮੇਲਾ ਗਰਾਊਂਡ ਵਿੱਚ ਐਂਟਰੀ ਸ਼ਾਮ 5:00 ਵਜੇ ਖੁੱਲ੍ਹੇਗੀ, ਲਾਈਟ ਐਂਡ ਸਾਊਂਡ ਸ਼ੋਅ ਬਿਲਕੁਲ ਮੁਫ਼ਤ ਹੈ ਅਤੇ ਕਿਸੇ ਵੀ ਪਾਸ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਇਸ ਰੂਹ ਨੂੰ ਛੂਹ ਲੈਣ ਵਾਲੀ ਸ਼ਰਧਾਂਜਲੀ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਜੈਨ ਵੱਲੋਂ ਅਧਿਕਾਰੀਆਂ ਨੂੰ ਨਿਰਵਿਘਨ ਪ੍ਰਵੇਸ਼, ਆਰਾਮਦਾਇਕ ਬੈਠਣ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ।


