ਲੁਧਿਆਣਾ, 26 ਅਗਸਤ – ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਲਈ ਕਿਊ ਆਰ (QR) ਕੋਡ ਜਾਰੀ ਕੀਤਾ ਗਿਆ ਹੈ ਜਿਸਦੇ ਤਹਿਤ ਖਿਡਾਰੀ ਮੁਫ਼ਤ ਰਜਿਸਟਰੇਸ਼ਨ ਦੀ ਸਹੂਲਤ ਦਾ ਲਾਭ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪਹਿਲੀ ਵਾਰ ਕਿਊ ਆਰ (QR) ਕੋਡ ਅਧਾਰਤ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ ਜਾਰੀ ਕੀਤੀ ਗਈ ਹੈ। ਖਿਡਾਰੀ ਇਸ QR ਕੋਡ ਨੂੰ ਸਕੈਨ ਕਰਕੇ ਬਿਨਾਂ ਕਿਸੇ ਫ਼ੀਸ ਦੇ ਆਸਾਨੀ ਨਾਲ ਕਿਸੇ ਵੀ ਸਮੇਂ ਅਤੇ ਕਿਤੋਂ ਵੀ ਇਨ੍ਹਾਂ ਖੇਡਾਂ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਆਯੋਜਨ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਸਦਾ ਰਸਮੀ ਆਗਾਜ਼ 5 ਸਤੰਬਰ ਨੂੰ ਬਠਿੰਡਾ ਤੋਂ ਹੋਵੇਗਾ ਜਦਕਿ 29 ਨਵੰਬਰ ਨੂੰ ਪਟਿਆਲਾ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਖੇਡਾਂ ਸੰਪੰਨ ਹੋਣਗੀਆਂ।
ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਨੇ ਦੱਸਿਆ ਕਿ 6 ਸਤੰਬਰ ਤੋਂ ਇਹ ਖੇਡ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 13 ਬਲਾਕਾਂ ਵਿੱਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਲੁਧਿਆਣਾ-1, ਲੁਧਿਆਣਾ-2, ਨਗਰ ਨਿਗਮ, ਮੁੱਲਾਂਪੁਰ, ਮਲੌਦ, ਸਮਰਾਲਾ, ਕੂਮ ਕਲਾਂ, ਡੇਹਲੋਂ, ਜਗਰਾਉਂ, ਦੋਰਾਹਾ, ਮਾਛੀਵਾੜਾ, ਖੰਨਾ ਅਤੇ ਰਾਏਕੋਟ ਸ਼ਾਮਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਖੇਡ ਮੁਕਾਬਲੇ 38 ਵੱਖ-ਵੱਖ ਖੇਡ ਵੰਨਗੀਆਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਅੰਡਰ-14 ਉਮਰ ਵਰਗ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਵਾਰ ਖਾਸ ਆਕਰਸ਼ਨ ਦੇ ਤੌਰ ‘ਤੇ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਨੂੰ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੈਰਾ-ਐਥਲੀਟਾਂ ਲਈ ਐਥਲੈਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਵਰਗੀਆਂ ਚਾਰ ਪ੍ਰਮੁੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਦੀ ਪ੍ਰਕਿਰਿਆ ਬਿਲਕੁਲ ਮੁਫ਼ਤ ਰੱਖੀ ਗਈ ਹੈ, ਜਿਸ ਲਈ ਖੇਡ ਵਿਭਾਗ ਦੇ ਪੋਰਟਲ ਜਾਂ ਕਿਊ.ਆਰ. (QR) ਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।


