ਖੰਨਾ, ਲੁਧਿਆਣਾ 28 ਅਪ੍ਰੈਲ:
ਖੰਨਾ ਪੁਲਿਸ “ਗੈਂਗਸਟਰਾਂ ‘ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ” ਅਤੇ ਅਪਰਾਧ ਦੇ ਖਿਲਾਫ ਚੱਲ ਰਹੀ ਖ਼ਾਸ ਮੁਹਿੰਮ ਤਹਿਤ ਲਗਾਤਾਰ ਸਫਲਤਾਵਾਂ ਹਾਸਲ ਕਰ ਰਹੀ ਹੈ। ਡਾ. ਦਰਪਣ ਆਹਲੂਵਾਲੀਆ (ਐਸਐਸਪੀ ਖੰਨਾ) ਦੀ ਅਗਵਾਈ ਹੇਠ ਇਹ ਮੁਹਿੰਮ ਜ਼ੋਰਦਾਰ ਤਰੀਕੇ ਨਾਲ ਜਾਰੀ ਹੈ।
ਇਸੇ ਕੜੀ ਤਹਿਤ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਨੇ ਅੱਜ ਪੂਰੇ ਜ਼ਿਲ੍ਹੇ ਵਿੱਚ ਘੇਰਾਬੰਦੀ ਕਰਕੇ ਕਾਰਡਨ ਐਂਡ ਸਰਚ ਆਪ੍ਰੇਸ਼ਨ (CASO) ਚਲਾਇਆ। ਇਸ ਦੌਰਾਨ ਡੀਐਸਪੀ ਦਰਜੇ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਆਪਣੇ-ਆਪਣੇ ਇਲਾਕਿਆਂ ਵਿੱਚ ਇਕੱਠੇ ਕਾਰਵਾਈ ਕੀਤੀ।
ਇਸ ਆਪ੍ਰੇਸ਼ਨ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 15 ਹਾਟਸਪਾਟ ਚਿੰਨ੍ਹਿਤ ਕਰਕੇ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਨੇ 84 ਸ਼ੱਕੀ ਵਿਅਕਤੀਆਂ ਅਤੇ 56 ਵਾਹਨਾਂ ਦੀ ਜਾਂਚ ਕੀਤੀ। ਇਸ ਦੌਰਾਨ 8 ਮਾਮਲੇ ਦਰਜ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ 80 ਨਸ਼ੀਲੀਆਂ ਗੋਲੀਆਂ, 2 ਗ੍ਰਾਮ ਆਈਸ (ਡਰੱਗ), 19.2 ਗ੍ਰਾਮ ਹੈਰੋਇਨ ਅਤੇ 6 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।
ਜੇਕਰ ਸਾਲ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਦੀ ਗੱਲ ਕਰੀਏ ਤਾਂ ਖੰਨਾ ਪੁਲਿਸ ਨੇ ਅਪਰਾਧ ਅਤੇ ਨਸ਼ਾ ਤਸਕਰੀ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ 598 ਕੇਸ ਦਰਜ ਕੀਤੇ ਹਨ ਅਤੇ 782 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 9 ਕਿਲੋ ਤੋਂ ਵੱਧ ਹੈਰੋਇਨ, 7 ਕਿਲੋ ਤੋਂ ਵੱਧ ਭੁੱਕੀ, 7 ਕਿਲੋ ਅਫੀਮ, 62 ਕਿਲੋ ਗਾਂਜਾ, ਸੈਂਕੜਿਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸ਼ਾਮਲ ਹਨ। ਇਸ ਤੋਂ ਇਲਾਵਾ 5.35 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਰਣਨੀਤੀ ਅਤੇ ਅਗਵਾਈ ਹੇਠ ਖੰਨਾ ਪੁਲਿਸ ਲਗਾਤਾਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਨਾ ਸਿਰਫ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ, ਸਗੋਂ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਹੀ ਹੈ।
ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਸਐਸਪੀ ਦੀ ਸਖ਼ਤ ਅਤੇ ਇਮਾਨਦਾਰ ਕਾਰਗੁਜ਼ਾਰੀ ਕਰਕੇ ਜ਼ਿਲ੍ਹੇ ਵਿੱਚ ਅਪਰਾਧ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਗਿਆ ਹੈ। ਪੁਲਿਸ ਦੀ ਇਸ ਮੁਹਿੰਮ ਤੋਂ ਸਾਫ਼ ਹੈ ਕਿ ਖੰਨਾ ਪੁਲਿਸ ਆਉਣ ਵਾਲੇ ਸਮੇਂ ਵਿੱਚ ਵੀ ਅਪਰਾਧ ਅਤੇ ਨਸ਼ਿਆਂ ਦੇ ਖਿਲਾਫ ਇਸੇ ਤਰ੍ਹਾਂ ਸਖ਼ਤੀ ਨਾਲ ਕਾਰਵਾਈ ਜਾਰੀ ਰੱਖੇਗੀ।


