ਅਸ਼ੋਕ ਵਰਮਾਬਠਿੰਡਾ, 26 ਅਪ੍ਰੈਲ 2026 : ਖਾਕੀ ਵਰਦੀ ਜਦੋਂ ਆਪਣਿਆਂ ਨੂੰ ਬਚਾਉਣ ’ਤੇ ਆ ਜਾਏ ਤਾਂ ਕਿਸ ਹੱਦ ਤੱਕ ਜਾ ਸਕਦੀ ਹੈ ਇਸ ਦੀ ਇੱਕ ਉਦਾਹਰਨ ਲੋਕ ਬਠਿੰਡਾ ’ਚ ਦੇਖ ਸਕਦੇ ਹਨ ਜਿੱਥੇ ਪੁਲਿਸ ਨੇ ਡੀਐਸਪੀ ਨੂੰ ਬਚਾਉਣ ਲਈ ਅਜਿਹਾ ਚੰਦ ਚਾੜ੍ਹਿਆ ਜੋ ਪੰਜਾਬ ਪੁਲਿਸ ਦੇ ਇਤਿਹਾਸ ’ਚ ਸ਼ਾਇਦ ਪਹਿਲਾ ਅਤੇ ਨਿਵੇਕਲਾ ਹੈ। ਰੇਤ ਬੱਜਰੀ ਕਾਰੋਬਾਰੀ ਸੰਦੀਪ ਕੁਮਾਰ ਉਰਫ ਸੋਨੂੰ ਬਾਂਸਲ ਵੱਲੋਂ ਕੀਤੀ ਆਤਮਹੱਤਿਆ ਮਾਮਲੇ ’ਚ ਪੁਲਿਸ ਨੇ ਖੁਦਕਸ਼ੀ ਨੋਟ ਦੇ ਅਧਾਰ ’ਤੇ ਐਫਆਈਆਰ ਤਾਂ ਦਰਜ ਕੀਤੀ ਪਰ ਆਪਣੇ ਮਹਿਕਮੇ ਨਾਲ ਸਬੰਧਤ ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਉਸ ਦੇ ਰੀਡਰ ਨੂੰ ਚਲਾਕੀ ਵਰਤਦਿਆਂ ਸੁਰੱਖਿਅਤ ਬਚਾ ਲਿਆ। ਪੁਲਿਸ ਅਧਿਕਾਰੀਆਂ ਨੇ ਡੀਐਸਪੀ ਅਤੇ ਰੀਡਰ ਨੂੰ ਬਚਾਉਣ ਲਈ ਥਾਣਾ ਕੋਤਵਾਲੀ ’ਚ ਅੱਧੀ ਰਾਤ ਨੂੰ ਬਕਾਇਦਾ ਫਿਲਮੀ ਸਟਾਈਲ ’ਚ ਅਜਿਹਾ ਡਰਾਮਾ ਖੇਡਿਆ ਜਿਸ ਨੇ ਖੁਦ ਨੂੰ ਕੰਪਿਊਟਰ ਤਕਨੀਕ ਦਾ ਖੱਬੀਖਾਨ ਸਮਝਣ ਵਾਲਿਆਂ ਨੂੰ ਵੀ ਉਂਗਲਾਂ ਟੁੱਕਣ ਲਾ ਦਿੱਤਾ ਹੈ।
ਦਰਅਸਲ ਜਦੋਂ ਸ਼ਹਿਰ ਦੇ ਸੈਂਕੜੇ ਲੋਕਾਂ ਦੇ ਸਹਿਯੋਗ ਨਾਲ ਪ੍ਰੀਵਾਰ ਸਿਵਲ ਹਸਪਤਾਲ ਦੇ ਸਾਹਮਣੇ ਕੌਮੀ ਸੜਕ ਮਾਰਗ ਜਾਮ ਕਰੀ ਬੈਠਾ ਸੀ ਤਾਂ ਦਬਾਅ ਹੇਠ ਆਏ ਪੁਲਿਸ ਨੇ ਖੁਦਕਸ਼ੀ ਮਾਮਲੇ ’ਚ ਐਫਆਈਆਰ ਦਰਜ ਕਰਨ ਦਾ ਫੈਸਲਾ ਲਿਆ ਸੀ । ਇਸ ਮੌਕੇ ਪੁਲਿਸ ਨੇ ਅਜਿਹਾ ਜੁਗਾੜ ਲਾਇਆ ਜਿਸ ਦਾ ਪਤਾ ਲੱਗਦਿਆਂ ਪ੍ਰੀਵਾਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਜਾਣਕਾਰੀ ਅਨੁਸਾਰ ਪ੍ਰੀਵਾਰਕ ਮੈਂਬਰਾਂ ਨੂੰ ਦੇਰ ਰਾਤ ਨੂੰ ਕੋਤਵਾਲੀ ’ਚ ਸੱਦਕੇ ਕੰਪਿਊਟਰ ਸਕ੍ਰੀਨ ਦਿਖਾਈ ਤਾਂ ਉਦੋਂ ਐਫਆਈਆਰ ਟਾਈਪ ਕੀਤੀ ਜਾ ਰਹੀ ਸੀ ਜਿਸ ’ਚ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਦਾ ਨਾਮ ਲਿਖਿਆ ਹੋਇਆ ਸੀ। ਇਸੇ ਭਰੋਸੇ ਤਹਿਤ ਪੁਲਿਸ ਦੇ ਕਹਿਣ ’ਤੇ ਪ੍ਰੀਵਾਰ ਨੇ ਐਫਆਈਆਰ ’ਤੇ ਦਸਤਖਤ ਕਰ ਦਿੱਤੇ। ਹੈਰਾਨੀ ਵਾਲੀ ਗੱਲ ਹੈ ਕਿ ਸਵੇਰੇ ਜਦੋਂ ਪ੍ਰੀਵਾਰ ਨੂੰ ਐਫਆਈਆਰ ਦੀ ਕਾਪੀ ਮਿਲੀ ਤਾਂ ਉਸ ਚੋਂ ਡੀਐਸਪੀ ਅਤੇ ਰੀਡਰ ਦਾ ਨਾਮ ਗਾਇਬ ਸੀ ਜਿਸ ਨੂੰ ਪੀੜਤ ਪ੍ਰੀਵਾਰ ਨੇ ਧੋਖਾ ਕਰਾਰ ਦਿੱਤਾ ਹੈ।
ਇਸ ਮੌਕੇ ਪ੍ਰੀਵਾਰ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਡੀਐਸਪੀ ਦਾ ਨਾਮ ਐਫਆਈਆਰ ’ਚ ਸ਼ਾਮਲ ਨਹੀਂ ਕੀਤਾ ਜਾਂਦਾ ਨਾਂ ਤਾਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਨਾਂਹੀ ਉਹ ਅੰਤਿਮ ਸਸਕਾਰ ਕਰਨਗੇ। ਪੁਲਿਸ ਦੀ ਇਸ ਹਰਕਤ ਤੋਂ ਬਾਅਦ ਮਾਮਲਾ ਫਿਰ ਤੋਂ ਗਰਮਾ ਗਿਆ ਤਾਂ ਪੀੜਤ ਪ੍ਰੀਵਾਰ ਦੇ ਵਕੀਲ ਸੂਰੀਆਕਾਂਤ ਸਿੰਗਲਾ ਨੇ ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਦਾ ਤਰਮੀਮਾ ਬਿਆਨ ਦਰਜ ਕਰਵਾਇਆ ਹੈ। ਇਸ ਬਿਆਨ ’ਚ ਮਨੀਸ਼ ਨੇ ਪ੍ਰੀਵਾਰ ਤਰਫੋਂ ਲਿਖਤੀ ਰੂਪ ’ਚ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਉਸ ਦੇ ਰੀਡਰ ਨੂੰ ਨਾਮਜਦ ਕਰਨ ਦੀ ਮੰਗ ਕੀਤੀ ਹੈ। ਮਨੀਸ਼ ਕੁਮਾਰ ਨੇ ਦੱਸਿਆ ਕਿ ਖੁਦਕਸ਼ੀ ਨੋਟ ਦੇ ਅਧਾਰ ’ਤੇ ਦਰਜ ਕਰਵਾਏ ਬਿਆਨਾਂ ’ਚ ਉਨ੍ਹਾਂ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਰੀਡਰ ਦਾ ਨਾਮ ਲਿਖਵਾਇਆ ਸੀ। ਮਨੀਸ਼ ਦੇ ਦੱਸਣ ਅਨੁਸਾਰ ਐਫਆਈਆਰ ਦੇ ਪ੍ਰਿੰਟ ਕੱਢਣ ਮੌਕੇ ਪੁਲਿਸ ਨੇ ਚੁਸਤੀ ਨਾਲ ਡੀਐਸਪੀ ਦਾ ਨਾਮ ਹਟਾ ਦਿੱਤਾ ਅਤੇ ਐਫਆਈਆਰ ’ਤੇ ਦਸਤਖਤ ਕਰਵਾ ਲਏ।
ਮਨੀਸ਼ ਅਨੁਸਾਰ ਪ੍ਰੀਵਾਰ ਦਾ ਪੁਲਿਸ ਨਾਲ ਸਮਝੌਤਾ ਨਹੀਂ ਹੋਇਆ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਅਧਿਕਾਰੀਆਂ ਨੇ ਮਾਮਲਾ ਨਿਪਟਾਉਣ ਲਈ ਅੱਜ ਗੱਲਬਾਤ ਕੀਤੀ ਸੀ ਜੋ ਬੇਸਿੱਟਾ ਰਹੀ ਹੈ। ਪੁਲਿਸ ਅਧਿਕਾਰੀ ਵੀ ਇਸ ਮੁੱਦੇ ’ਤੇ ਬੋਲਣ ਨੂੰ ਤਿਆਰ ਨਹੀਂ ਹਨ। ਐਡਵੋਕੇਟ ਸੂਰੀਆਕਾਂਤ ਸਿੰਗਲਾ ਨੇ ਦੱਸਿਆ ਕਿ ਖੁਦਕਸ਼ੀ ਨੋਟ ਜਾਂ ਵੀਡੀਓ ਰਾਹੀਂ ਦੋਸ਼ ਲਾਉਣ ਨੂੰ ਡਾਇੰਗ ਡਿਕਲੇਰੇਸ਼ਨ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਮੁਤਾਬਕ ਖੁਦਕਸ਼ੀ ਨੋਟ ’ਚ ਨਾਮ ਲਿਖਿਆ ਹੋਣ ’ਤੇ ਪੁਲਿਸ ਨੂੰ ਧਾਰਾ 107 ( ਪੁਰਾਣੀ 306) ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪ੍ਰੀਵਾਰ ਡੀਐਸਪੀ ਅਤੇ ਰੀਡਰ ਨੂੰ ਨਾਮਜਦ ਕਰਕੇ ਗ੍ਰਿਫਤਾਰ ਅਤੇ ਅਦਾਲਤ ਨਾਲ ਜੁੜਿਆ ਇੱਕ ਵੱਡਾ ਨਾਮ ਸਾਹਮਣੇ ਲਿਆਉਣ ਦੀ ਮੰਗ ਪੂਰੀ ਨਾਂ ਹੋਣ ਤੱਕ ਅੰਤਿਮ ਸਸਕਾਰ ਨਾਂ ਕਰਨ ’ਤੇ ਅੜਿਆ ਹੋਇਆ ਹੈ। ਆਖਰੀ ਖਬਰਾਂ ਲਿਖੇ ਜਾਣ ਤੱਕ ਪੀੜਤ ਪ੍ਰੀਵਾਰ ਅਤੇ ਪੁਲਿਸ ਵਿਚਕਾਰ ਡੈਡਲਾਕ ਬਣਿਆ ਹੋਇਆ ਸੀ।
ਜਾਂਚ ਪਿੱਛੋਂ ਕਾਰਵਾਈ: ਐਸਪੀ ਸਿਟੀਸ਼ਨੀਵਾਰ ਸ਼ਾਮ ਨੂੰ ਪੁਲਿਸ ਪ੍ਰਸ਼ਾਸ਼ਨ ਤਰਫੋਂ ਵੀਡੀਓ ਜਾਰੀ ਕਰਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਖੁਦਕਸ਼ੀ ਮਾਮਲੇ ਵਿੱਚ ਤਿੰਨ ਮੁਲਜਮਾਂ ਨੂੰ ਨਾਮਜਦ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਏਗੀ।
ਇਹ ਸੀ ਖੁਦਕਸ਼ੀ ਮਾਮਲਾ ਨਵੀਂ ਬਸਤੀ ਦੇ ਰੇਤ ਕਾਰੋਬਾਰੀ ਸੰਦੀਪ ਕੁਮਾਰ ਉਰਫ ਸੋਨੂੰ ਨੇ ਸ਼ੁੱਕਵਾਰ ਨੂੰ 10 ਮਿੰਟ ਦਾ ਵੀਡੀਓ ਅਤੇ ਦੋ ਪੰਨਿਆ ਦਾ ਖੁਦਕੁਸ਼ੀ ਨੋਟ ਲਿਖਣ ਤੋਂ ਬਾਅਦ ਸਲਫਾਸ ਖਾਕੇ ਆਤਮਹੱਤਿਆ ਕਰ ਲਈ ਸੀ। ਖੁਦਕੁਸ਼ੀ ਨੋਟ ਅਤੇ ਵੀਡੀਓ ’ਚ ਸੋਨੂੰ ਨੇ ਦੋਸ਼ ਲਾਇਆ ਸੀ ਕਿ ਜੇਕਰ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਰੇਨੂੰ ਬਾਲਾ (ਜੱਜ ਦੀ ਰੀਡਰ) ਉਸ ਦਾ ਪਤੀ ਰਮਨ ਜੈਨ (ਟਾਈਪਿਸਟ) ਐਡਵੋਕੇਟ ਚਰਨਪਾਲ ਸਿੰਘ ਅਤੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਈ ਜਿੰਮੇਵਾਰ ਹੋਣਗੇ। ਸੋਨੂੰ ਦੀ ਮੌਤ ਹੋ ਜਾਣ ਤੋਂ ਬਾਅਦ ਪ੍ਰੀਵਾਰ ਵੱਲੋਂ ਜਾਮ ਲਾਉਣ ਦੇ ਦਬਾਅ ਹੇਠ ਪੁਲਿਸ ਨੇ ਤਿੰਨ ਜਣਿਆਂ ਖਿਲਾਫ ਕੇਸ ਦਰਜ ਕਰਕੇ ਰੇਨੂੰ ਬਾਲਾ ਅਤੇ ਰਮਨ ਜੈਨ ਨੂੰ ਗ੍ਰਿਫਤਾਰ ਕਰ ਲਿਆ ਹੈ।


