ਜਲੰਧਰ, 25 ਅਪ੍ਰੈਲ : ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਗੰਨਾ ਸੈਕਸ਼ਨ ਜਲੰਧਰ ਵੱਲੋਂ ਗੰਨਾ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਦੀ ਯੋਗ ਅਗਵਾਈ ਹੇਠ ਗੰਨੇ ਦੀ ਫ਼ਸਲ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ। ਇਸ ਤਹਿਤ ਏ ਬੀ ਖੰਡ ਮਿੱਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਸਹਿਕਾਰੀ ਖੰਡ ਮਿੱਲ ਭੋਗਪੁਰ ਅਤੇ ਨਕੋਦਰ ਦੇ ਗੰਨਾ ਏਰੀਏ ਦੇ ਪਿੰਡਾਂ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਖੰਡ ਮਿਲਾਂ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਪ੍ਰਾਜੈਕਟ ਅਫ਼ਸਰ (ਗੰਨਾ) ਜਲੰਧਰ ਡਾ. ਮਨਧੀਰ ਸਿੰਘ ਅਤੇ ਸਹਾਇਕ ਗੰਨਾ ਵਿਕਾਸ ਅਫ਼ਸਰ ਜਲੰਧਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ ਇਸ ਨੂੰ ਆਮ ਫ਼ਸਲਾਂ ਜਿਵੇਂ ਕਣਕ, ਝੋਨਾ, ਮੱਕੀ ਆਦਿ ਨਾਲੋਂ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ ਪਰ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ ਤੋਂ ਜ਼ਿਆਦਾ ਖਾਦਾਂ ਖਾਸ ਕਰ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਨਾਲ ਗੰਨੇ ਦੀ ਫਸਲ ਵਧੇਰੇ ਡਿੱਗਦੀ ਹੈ, ਕੀੜੇ-ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ ’ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਖਾਦਾ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਤਕਰੀਬਨ ਖਤਮ ਹੋ ਚੁੱਕੀ ਹੈ ਅਤੇ ਪਤਝੜ ਰੁੱਤੇ ਬਿਜਾਈ ਕੀਤੇ ਗੰਨੇ ਦੀ ਫ਼ਸਲ ਨੂੰ 195 ਕਿਲੋ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਅਨੁਸਾਰ ਪਹਿਲੀ ਕਿਸ਼ਤ ਬਿਜਾਈ ਸਮੇਂ, ਦੂਜੀ ਮਾਰਚ ਮਹੀਨੇ ਦੇ ਅਖੀਰ ਅਤੇ ਤੀਜੀ ਕਿਸ਼ਤ ਅਪ੍ਰੈਲ ਦੇ ਆਖਰੀ ਹਫਤੇ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਛੱਟੇ ਦੀ ਬਿਜਾਏ, ਲਾਈਨਾਂ ਦੇ ਨਾਲ-ਨਾਲ ਕੇਰ ਕੇ ਕੀਤੀ ਜਾਵੇ ਤਾਂ ਵਧੇਰੇ ਖੰਡ ਦੀ ਰਿਕਵਰੀ ਅਤੇ ਪੈਦਾਵਾਰ ਮਿਲਦੀ ਹੈ। ਜੇਕਰ ਮਿੱਟੀ ਪਰਖ ਦੇ ਆਧਾਰ ’ਤੇ ਫ਼ਾਸਫ਼ੋਰਸ ਵਾਲੀ ਖਾਦ ਪਾਉਣੀ ਹੋਵੇ ਤਾਂ ਫ਼ਰਵਰੀ ਵਿਚ ਵਾਹੀ ਸਮੇਂ ਕਮਾਦ ਦੀਆਂ ਕਤਾਰਾਂ ਦੇ ਨੇੜੇ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫਸਲ ਲਈ 130 ਕਿਲੋ ਅਤੇ ਮੂਢੀ ਫ਼ਸਲ ਲਈ 195 ਕਿਲੋ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਫਾਸਫੇਟਿਕ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ,ਜੇਕਰ ਮਿੱਟੀ ਪਰਖ ਦੀ ਰਿਪੋਰਟ ਮੁਤਾਬਕ ਫਾਸਫੋਰਸ ਤੱਤ ਦੀ ਘਾਟ ਹੈ ਤਾਂ 75 ਕਿਲੋ ਸਿੰਗਲ ਸਪਰਫਾਸਫੇਟ ਖਾਦ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।ਉਨ੍ਹਾਂ ਦਸਿਆ ਕਿ ਸਿਫਾਰਸ਼ਾਂ ਮੁਤਾਬਕ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ ਪਹਿਲੇ ਪਾਣੀ ਤੋਂ ਪਹਿਲਾਂ ਪਹਿਲੀ ਕਿਸ਼ਤ 65 ਕਿਲੋ ਯੂਰੀਆ ਫ਼ਸਲ ਦੀਆਂ ਲਾਈਨਾਂ ਦੇ ਨਾਲ-ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿਲੋ ਯੂਰੀਆ ਮਈ-ਜੂਨ ਵਿਚ ਪਾ ਦੇਣੀ ਚਾਹੀਦੀ ਹੈ । ਇਸੇ ਤਰਾਂ ਮੂਢੀ ਫ਼ਸਲ ਨੂੰ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪਹਿਲੀ 65 ਕਿਲੋ ਯੂਰੀਆ ਦੀ ਕਿਸ਼ਤ ਗੋਡੀ ਜਾਂ ਵਾਹੀ ਸਮੇਂ, ਦੂਜੀ ਕਿਸ਼ਤ ਅਪ੍ਰੈਲ ਅਤੇ ਤੀਜੀ ਕਿਸ਼ਤ ਮਈ ਵਿਚ ਪਾ ਦੇਣੀ ਚਾਹੀਦੀ ਹੈ। ਜੇਕਰ ਆਲੂਆਂ ਦੀ ਫ਼ਸਲ ਤੋਂ ਬਾਅਦ ਗੰਨੇ ਦੀ ਬਿਜਾਈ ਕੀਤੀ ਹੈ ਤਾਂ ਯੂਰੀਆ ਦੀ ਮਾਤਰਾ ਪ੍ਰਤੀ ਏਕੜ 45 ਕਿਲੋ ਘਟਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਯੂਰੀਆ ਖਾਦ ਵਰਤਣ ਨਾਲ ਹਵਾ ਅਤੇ ਪਾਣੀ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਤੋਂ ਵਾਧੂ ਨਾਈਟ੍ਰੋਜਨ ਜ਼ਮੀਨ ਹੇਠਲੇ ਪਾਣੀ ਵਿੱਚ ਜਾ ਕੇ ਪਾਣੀ ਪ੍ਰਦੂਸ਼ਤ ਕਰਦਾ ਹੈ।
Trending
- ਪਿੰਡਾਂ ’ਚ ਨੁੱਕੜ ਮੀਟਿੰਗਾਂ; ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ’ਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਕੀਤਾ ਜਾਗਰੂਕ
- ਵਿਸ਼ਵ ਵੈਟਰਨਰੀ ਦਿਵਸ ਮੌਕੇ ਐਂਟੀ ਰੈਬੀਜ਼ ਵੈਕਸੀਨ ਕੈਂਪ ਲਗਾਇਆ
- ਰੈਡ ਕਰਾਸ ਸਕੂਲ ਵਿਖੇ ਵਿਸ਼ੇਸ਼ ਬੱਚਿਆਂ ਲਈ 10ਵੀਂ ਕਲਾਸ ਤੱਕ ਦਾਖ਼ਲੇ ਸ਼ੁਰੂ
- ਯੁੱਧ ਨਸ਼ਿਆਂ ਵਿਰੁੱਧ ; ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨ ਜੀਊਣ ਦਾ ਸੁਨੇਹਾ ਦੇ ਗਈ ਵਾਕਾਥੋਨ
- ਵਿਧਾਇਕਾਂ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਵਾਰਡ ਨੰਬਰ 90 ਵਿੱਚ 98 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
- “ਡਰ ਅਤੇ ਭਰਮ ਛੱਡੋ, ਖੂਨਦਾਨ ਕਰੋ—ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਸਭ ਦੀ ਸਾਂਝੀ ਜ਼ਿੰਮੇਵਾਰੀ – ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ
- ਜ਼ਿਲ੍ਹਾ ਰੋਜ਼ਗਾਰ ਵਿਭਾਗ ਵੱਲੋਂ ਵਿਸ਼ੇਸ਼ ਕਰੀਅਰ ਕਾਨਫਰੰਸ
- ਯੁੱਧ ਨਸ਼ਿਆਂ ਵਿਰੁੱਧ; ‘ਵਾਕਾਥੋਨ ਸ਼ਨੀਵਾਰ ਨੂੰ, ਡਿਪਟੀ ਕਮਿਸ਼ਨਰ ਨੇ ਰਿਲੀਜ਼ ਕੀਤਾ ਪੋਸਟਰ


