ਜਲੰਧਰ, 18 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਜਲਦ ਹੀ ਸਪੈਸ਼ਲ ਇੰਟੈਸਿਵ ਰਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਲਈ ਐਸ.ਆਈ.ਆਰ. ਦੀਆਂ ਪ੍ਰੀ-ਗਤੀਵਿਧੀਆਂ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰੀ ਐਸ.ਆਈ.ਆਰ. ਗਤੀਵਿਧੀਆਂ ਤਹਿਤ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਨ/ਮੈਪਿੰਗ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਜਲੰਧਰ ਜ਼ਿਲ੍ਹੇ ਦੇ ਕੁੱਲ 16,57,306 ਵੋਟਰ ਹਨ, ਜਿਸ ਵਿੱਚੋਂ 12,43,087 (75.01 ਫੀਸਦੀ) ਵੋਟਰਾਂ ਦਾ ਮਿਲਾਨ ਬੀ.ਐਲ.ਓਜ਼ ਵੱਲੋਂ ਕੀਤਾ ਜਾ ਚੁੱਕਾ ਹੈ।
ਸ਼੍ਰੀ ਵਾਲੀਆ ਨੇ ਦੱਸਿਆ ਕਿ ਇਸ ਕੰਮ ਲਈ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵੱਲੋਂ ਆਪਣੇ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਨਾਲ ਮਿਲਾਨ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਵਿੱਚ ਆਪਣਾ ਸਹਿਯੋਗ ਦੇਣ ਅਤੇ ਐਸ.ਆਈ.ਆਰ. ਦੌਰਾਨ ਬੀ.ਐਲ.ਓਜ਼ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਐਸ.ਆਈ.ਆਰ. ਦੌਰਾਨ ਹਰੇਕ ਵੋਟਰ ਤੋਂ ਬੀ.ਐਲ.ਓਜ਼ ਵਲੋਂ ਇਨੁਮਰੇਸ਼ਨ ਫਾਰਮ (Enumeration Form) ਭਰਵਾਏ ਜਾਣੇ ਹਨ। ਵੋਟਰ ਵਲੋਂ ਇਹ ਇਨੁਮਰੇਸ਼ਨ ਫਾਰਮ ਭਰਕੇ ਨਾ ਦੇਣ ਦੀ ਸੂਰਤ ਵਿੱਚ ਵੋਟਰ ਸੂਚੀ ਵਿਚੋਂ ਵੋਟ ਕੱਟੀ ਵੀ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। 2003 ਦੀ ਵੋਟਰ ਸੂਚੀ ਦੀ ਡਿਟੇਲ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ (ECINET) https://voters.eci.gov.in/ ਜਾਂ ਮੁੱਖ ਚੋਣ ਦਫ਼ਤਰ ਦੀ ਵੈਬਸਾਈਟ https://elections.punjab.gov.in/Election/Public/Search Eroll 2003 ’ਤੇ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਲੋੜ/ਸੁਝਾਅ/ਸ਼ਿਕਾਇਤ ਸਬੰਧੀ ਵੋਟਰ ਹੈਲਪਲਾਈਨ ਟੋਲ ਫ੍ਰੀ ਨੰਬਰ 1950 ’ਤੇ ਕਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਲਈ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ 6 ਸ਼੍ਰੇਣੀਆਂ ਅਧੀਨ ਵੰਡਿਆ ਗਿਆ ਹੈ:
ਕੈਟਾਗਰੀ ਏ ਵਿੱਚ ਉਹ ਵੋਟਰ ਹਨ, ਜਿਨ੍ਹਾਂ ਦੀ ਉਮਰ 38 ਜਾਂ 38 ਸਾਲ ਤੋਂ ਵੱਧ ਹੈ ਅਤੇ ਵੋਟਰਾਂ ਦਾ ਨਾਮ 2003 ਦੀ ਵੋਟਰ ਸੂਚੀ ਵਿੱਚ ਸ਼ਾਮਲ ਹੈ, ਇਨ੍ਹਾਂ ਵੋਟਰਾਂ ਨੂੰ ਕੋਈ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੈ।
ਕੈਟਾਗਰੀ ਬੀ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਵੋਟਰਾਂ ਦੀ ਉਮਰ 38 ਜਾਂ 38 ਸਾਲ ਤੋਂ ਵੱਧ ਹੈ ਅਤੇ ਨਾਮ 2003 ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ। ਅਜਿਹੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਮਾਣਿਤ 12 ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਬੀ.ਐਲ.ਓ. ਨੂੰ ਦੇਣਾ ਪਵੇਗਾ। (ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਆਧਾਰ ਕਾਰਡ ਨੂੰ ਵੀ ਦਸਤਾਵੇਜ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ।)
ਕੈਟਾਗਰੀ ਸੀ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 21 ਤੋਂ 37 ਸਾਲ ਦੇ ਵਿੱਚ ਹੈ ਅਤੇ ਮਾਤਾ ਪਿਤਾ ਵਿੱਚੋਂ ਕਿਸੇ ਇਕ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਆਪਣੇ ਮਾਤਾ ਜਾਂ ਪਿਤਾ, ਜਿਸ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ, ਦੀ ਕਾਪੀ ਬੀ.ਐਲ. ਓ ਪਾਸ ਜਮ੍ਹਾ ਕਰਵਾਉਣੀ ਪਵੇਗੀ।
ਕੈਟਾਗਰੀ ਡੀ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 18 ਅਤੇ 20 ਸਾਲ ਦੇ ਵਿੱਚ ਹੈ ਅਤੇ ਮਾਤਾ/ਪਿਤਾ ਦੋਵਾਂ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਆਪਣੇ ਮਾਤਾ ਅਤੇ ਪਿਤਾ ਦੀ (ਦੋਵਾਂ ਦੀ) ਸੂਚੀ, ਜੋ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ, ਦੀ ਕਾਪੀ ਬੀ.ਐਲ. ਓ ਪਾਸ ਜਮ੍ਹਾ ਕਰਵਾਉਣੀ ਪਵੇਗੀ।
ਕੈਟਾਗਰੀ ਈ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 21 ਤੋਂ 37 ਸਾਲ ਦੇ ਵਿੱਚ ਹੈ ਅਤੇ ਮਾਤਾ/ਪਿਤਾ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਨਹੀਂ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਮਾਤਾ ਜਾਂ ਪਿਤਾ (ਕਿਸੇ ਇੱਕ ਦਾ) ਇੱਕ ਦਸਤਾਵੇਜ਼ (12 ਦਸਤਾਵੇਜ਼ਾਂ) ਵਿਚੋਂ ਬੀ.ਐਲ.ਓ ਪਾਸ ਜਮ੍ਹਾ ਕਰਵਾਉਣਾ ਪਵੇਗਾ।
ਕੈਟਾਗਰੀ ਐਫ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 18 ਅਤੇ 20 ਸਾਲ ਦੇ ਵਿੱਚ ਹੈ, ਦੇ ਮਾਤਾ ਪਿਤਾ ਵਿੱਚੋਂ ਕਿਸੇ ਇਕ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਆਪਣੇ ਮਾਤਾ ਜਾਂ ਪਿਤਾ ਦਾ ਦਸਤਾਵੇਜ਼ ਜਿਸਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਨਹੀਂ ਹੈ, ਅਤੇ ਜਿਸ ਪੈਰੇਂਟ (ਮਾਤਾ/ਪਿਤਾ) ਦਾ ਨਾਂ 2003 ਦੀ ਵੋਟਰ ਸੂਚੀ ਵਿੱਚ ਸ਼ਾਮਲ ਹੈ, ਦੀ ਕਾਪੀ ਬੀ.ਐਲ. ਓ ਪਾਸ ਜਮ੍ਹਾ ਕਰਵਾਉਣੀ ਪਵੇਗੀ।
ਕੈਟਾਗਰੀ ਜੀ ਵਿੱਚ ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 18 ਅਤੇ 20 ਸਾਲ ਦੇ ਵਿੱਚ ਹੈ ਅਤੇ ਮਾਤਾ/ਪਿਤਾ ਦੋਵਾਂ ਦਾ ਨਾਮ ਸਾਲ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਨਹੀਂ ਹੈ। ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਆਪਣੇ ਮਾਤਾ,ਪਿਤਾ ਦੋਵਾਂ ਦਾ ਇੱਕ-ਇੱਕ ਦਸਤਾਵੇਜ਼ (12 ਦਸਤਾਵੇਜ਼ਾਂ) ਵਿਚੋਂ ਬੀ.ਐਲ.ਓ ਪਾਸ ਜਮ੍ਹਾ ਕਰਵਾਉਣਾ ਪਵੇਗਾ।
ਇਸ ਸਬੰਧੀ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ
ਕੋਈ ਵੀ ਪਛਾਣ ਪੱਤਰ/ਪੈਨਸ਼ਨ ਭੁਗਤਾਨ ਹੁਕਮ, ਜੋ ਕਿਸੇ ਵੀ ਕੇਂਦਰੀ/ਰਾਜ/ਪੀਐੱਸਯੂ ਨਿਯਮਿਤ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਕੀਤਾ ਗਿਆ ਹੋਵੇ।
ਭਾਰਤ ਵਿੱਚ ਸਰਕਾਰ/ਸਥਾਨਕ ਅਧਿਕਾਰੀ/ਬੈਂਕ/ਡਾਕਘਰ/ਐਲ.ਆਈ.ਸੀ./ਪੀ.ਐੱਸ.ਯੂਜ਼ ਵਲੋਂ 01.07.1987 ਤੋਂ ਪਹਿਲਾਂ ਜਾਰੀ ਕੀਤਾ ਕੋਈ ਵੀ ਪਛਾਣ ਪੱਤਰ/ਸਰਟੀਫਿਕੇਟ/ਦਸਤਾਵੇਜ਼।
ਪ੍ਰਮਾਣਿਤ ਅਧਿਕਾਰੀ ਵਲੋਂ ਜਾਰੀ ਕੀਤਾ ਜਨਮ ਪ੍ਰਮਾਣ ਪੱਤਰ।
ਪਾਸਪੋਰਟ
ਮੈਟ੍ਰਿਕ/ਸਿੱਖਿਆ ਪ੍ਰਮਾਣ ਪੱਤਰ, ਜੋ ਬੋਰਡ/ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੋਵੇ।
ਪੱਕਾ ਰਿਹਾਇਸ਼ ਪ੍ਰਮਾਣ ਪੱਤਰ, ਜੋ ਯੋਗ ਰਾਜ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੋਵੇ।
ਜੰਗਲ ਅਧਿਕਾਰ ਪ੍ਰਮਾਣ ਪੱਤਰ
ਯੋਗ ਅਧਿਕਾਰੀ ਵਲੋਂ ਜਾਰੀ ਕੀਤਾ ਓ.ਬੀ.ਸੀ./ਐਸ.ਸੀ./ਐਸ.ਟੀ. ਜਾਂ ਕੋਈ ਵੀ ਜਾਤੀ ਪ੍ਰਮਾਣ ਪੱਤਰ।
ਰਾਸ਼ਟਰੀ ਰਜਿਸਟਰ ਆਫ ਸਿਟੀਜ਼ਨ, (ਜਿੱਥੇ ਵੀ ਇਹ ਮੌਜੂਦ ਹੈ)
ਪਰਿਵਾਰਕ ਰਜਿਸਟਰ, ਜੋ ਰਾਜ/ਸਥਾਨਕ ਅਧਿਕਾਰੀਆਂ ਵਲੋਂ ਤਿਆਰ ਕੀਤਾ ਗਿਆ ਹੋਵੇ।
ਸਰਕਾਰ ਵਲੋਂ ਕੋਈ ਵੀ ਜ਼ਮੀਨ/ਘਰ ਅਲਾਟਮੈਂਟ ਦਾ ਪ੍ਰਮਾਣ ਪੱਤਰ
ਆਧਾਰ ਕਾਰਡ


