ਖੰਨਾ, (ਲੁਧਿਆਣਾ), 16 ਅਪ੍ਰੈਲ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2021-22 ਵਿੱਚ ਸਿੱਖਿਆ ਬਜਟ 12,657 ਕਰੋੜ ਰੁਪਏ ਤੋਂ ਵਧਾ ਕੇ 2026-27 ਵਿੱਚ 19,279 ਕਰੋੜ ਰੁਪਏ ਕਰ ਦਿੱਤਾ, ਜੋ ਕਿ ਪੰਜਾਬ ਦੇ ਕਿਸੇ ਵੀ ਖੇਤਰ ਲਈ ਸਭ ਤੋਂ ਵੱਡੀ ਅਲਾਟਮੈਂਟ ਹੈ। ਇਹ ਪੈਸਾ ਸਿਰਫ਼ ਕਾਗਜ਼ਾਂ ਵਿੱਚ ਨਹੀਂ ਸਗੋਂ ਹਰ ਸਕੂਲ ਤੱਕ ਪਹੁੰਚ ਗਿਆ ਹੈ।
ਇਹ ਵਿਚਾਰ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਤਹਿਤ ਵੀਰਵਾਰ ਨੂੰ ਹਲਕਾ ਖੰਨਾ ਦੇ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ ਖੰਨਾ ਵਿੱਚ 13.2 ਲੱਖ ਰੁਪਏ ਦੀ ਲਾਗਤ ਨਾਲ ‘ਬਿਊਟੀ ਐਂਡ ਵੈਲਨੈੱਸ ਲੈਬ’ ਅਤੇ ਸਰਕਾਰੀ ਮਿਡਲ ਸਕੂਲ ਖੰਨਾ ਖੁਰਦ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਸਹੂਲਤਾ ਨਾਲ ਲੈਸ ਕਲਾਸ ਰੂਮ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕੀਤੇ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਪ੍ਰੋਜੈਕਟ ਆ ਰਹੇ ਹਨ। ਇਸੇ ਲੜੀ ਤਹਿਤ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ, ਖੰਨਾ ਦੇ ਵਿੱਚ ਪਹਿਲਾ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਵੱਡੇ ਹਾਲ ਦਾ ਨਿਰਮਾਣ ਕੀਤਾ ਗਿਆ ਅਤੇ ਹੁਣ ਇਸੇ ਹਾਲ ਵਿੱਚ 13.2 ਲੱਖ ਰੁਪਏ ਦੀ ਲਾਗਤ ਨਾਲ ‘ਬਿਊਟੀ ਐਂਡ ਵੈਲਨੈੱਸ ਲੈਬ’ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ‘ਬਿਊਟੀ ਐਂਡ ਵੈਲਨੈਸ ਲੈਬ’ ਵਿੱਚ 4 ਵੱਡੀਆਂ ਸਲੂਨ ਕੁਰਸੀਆਂ, 2 ਸ਼ੈਂਪੂ ਸਟੇਸ਼ਨ, 2 ਫੇਸ਼ੀਅਲ ਬੈੱਡ, 1 ਹਾਈ ਡਰਾਅ ਫੇਸ਼ੀਅਲ ਮਸ਼ੀਨ, 1 ਸਕਿਨ ਟੈਸਟਿੰਗ ਮਸ਼ੀਨ, 1 ਫੇਸ਼ ਸਟੀਮਰ, 1 ਹੈਡ ਸਟੀਮਰ, 1 ਗਲਵੈਣਿਕ ਮਸ਼ੀਨ, 1 ਸਟਿਲਲਾਈਜਰ, 1 ਮੈਨੀਕਿਊਅਰ ਅਤੇ ਪੈਡੀ ਕੁਰਸੀ ਆਦਿ ਸਮਾਨ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਲੈਬ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਨਵਾ ਏ.ਸੀ ਵੀ ਲਗਾਇਆ ਗਿਆ ਹੈ।
ਉਹਨਾਂ ਦੱਸਿਆ ਕਿ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ‘ਬਿਊਟੀ ਐਂਡ ਵੈਲਨੈਸ ਲੈਬ’ ਵਿੱਚ 2 ਸਾਲ ਦਾ ਵਿਸ਼ਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਫੇਸ਼ੀਅਲ, ਬਲੀਚ, ਮਹਿੰਦੀ, ਮੇਕਅਪ, ਹੇਅਰ ਸਟਾਈਲ, ਹੇਅਰ ਕਟਿੰਗ, ਹੇਅਰ ਸਪਾ, ਹੇਅਰ ਟ੍ਰੀਟਮੈਂਟ, ਹੈਂਡ ਮਸਾਜ, ਮੈਨੀ ਕਿਊਰ (ਹੱਥ ਦੀ ਸੰਭਾਲ) ਅਤੇ ਪੈਡੀ ਕਿਊਰ (ਪੈਰਾਂ ਦੀ ਸੰਭਾਲ) ਦਾ ਹੁਨਰ ਦੇ ਕੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਦੇ ਕਾਬਲ ਬਣਾਇਆ ਜਾਂਦਾ ਹੈ। ਇਥੋਂ ਸਿੱਖ ਕੇ ਬੱਚੇ ਆਪਣਾ ਖਰਚਾ ਆਪ ਚੁੱਕਣ ਦੇ ਕਾਬਲ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ, ਖੰਨਾ ਦੇ ਦੂਜੇ ਵੱਡੇ ਹਾਲ ਨੂੰ ਵੀ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਇਆ ਗਿਆ ਸੀ ਜਿਸ ਵਿੱਚ ਸ਼ੂਟਿੰਗ ਰੇਂਜ ਚਲਦੀ ਹੈ। ਇਸ ਸ਼ੂਟਿੰਗ ਰੇਂਜ ਵਿੱਚ ਪਤਾ ਨਹੀਂ ਕਿੰਨੇ ਬੱਚੇ ਆਪਣੇ ਸ਼ੂਟਿੰਗ ਵਿੱਚ ਜੌਹਰ ਦਿਖਾ ਕੇ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਸੂਬਾ ਪੱਧਰ, ਨੈਸ਼ਨਲ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਬੱਚੇ ਸ਼ੂਟਿੰਗ ਵਿੱਚ ਖੇਡਣ ਜਾ ਰਹੇ ਹਨ।
ਤਰੁਨਪ੍ਰੀਤ ਸਿੰਘ ਸੌਂਦ ਨੇ ਸਰਕਾਰੀ ਮਿਡਲ ਸਕੂਲ ਖੰਨਾ ਖੁਰਦ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਅਤੀ ਆਧੁਨਿਕ ਸਹੂਲਤਾਂ ਵਾਲਾ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਲਾਸ ਰੂਮ ਵਿੱਚ 75 ਇੰਚੀ ਐਲ.ਈ.ਡੀ ਪੈਨਲ, 20 ਡਿਊਲ ਡੈਸਕ, ਇੱਕ ਲੈਕਚਰ ਸਟੈਂਡ, ਇੱਕ ਟੇਬਲ, ਇੱਕ ਕੁਰਸੀ, ਇੱਕ ਵਾਈਟ ਬੋਰਡ, ਚਾਰ ਪੱਖੇ, ਇੱਕ ਇਨਵਰਟਰ, ਇੱਕ ਕੈਮਰਾ ਆਦਿ ਸਮਾਨ ਬੱਚਿਆਂ ਦੀ ਸਹੂਲਤ ਲਈ ਲਗਾਇਆ ਗਿਆ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਕ੍ਰਾਂਤੀਕਾਰੀ ਫੈਸਲੇ ਲਏ ਹਨ। ਇਸੇ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਸਕੂਲਾਂ ਅੰਦਰ ਕਰੀਬ 8800 ਨਵੇਂ ਕਲਾਸ ਰੂਮ, ਕਰੀਬ 30 ਹਜ਼ਾਰ ਨਵੇਂ ਬਾਥਰੂਮ ਬਣ ਕੇ ਤਿਆਰ ਹੋਏ ਹਨ ਅਤੇ ਕਰੀਬ 1 ਲੱਖ ਨਵੇਂ ਡੈਸਕ ਖਰੀਦੇ ਗਏ ਹਨ ਤਾਂ ਜੋ ਕੋਈ ਵੀ ਬੱਚਾ ਟੁੱਟੇ ਹੋਏ ਡੈਸਕਾਂ ਦੇ ਉੱਤੇ ਜਾ ਥੱਲੇ ਬੈਠ ਕੇ ਪੜ੍ਹਨ ਨੂੰ ਮਜਬੂਰ ਨਾ ਹੋਵੇ। ਇਸ ਤੋਂ ਇਲਾਵਾ ਹਰ ਸਕੂਲ ਵਿੱਚ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਹ ਅਧਿਆਪਕ ਪੜ੍ਹਾ ਸਕਣ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਤਾਂ ਸੰਭਵ ਹੋ ਸਕਿਆ ਹੈ ਜੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਅਹਿਮ ਯੋਗਦਾਨ ਅਦਾ ਕੀਤਾ ਹੈ।
ਮੰਤਰੀ ਸੌਂਦ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਦੇ 28 ਸੂਬੇ ਹਨ। ਇਹਨਾਂ 28 ਸੂਬਿਆਂ ਦੇ ਵਿੱਚੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਅੰਦਰ ਕਰੀਬ 20 ਹਜ਼ਾਰ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਵਿੱਚੋ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲ ਵਿੱਚ ਦਾਖਲਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਕੂਲਾਂ ਅੰਦਰ ਜੋ ਵਿਕਾਸ ਕਾਰਜ ਰਹਿੰਦੇ ਸੀ ਚਾਹੇ ਉਹ ਲਾਈਬਰੇਰੀ ਦਾ ਨਿਰਮਾਣ, ਸਕੂਲ ਦੀ ਚਾਰਦੀਵਾਰੀ, ਕਮਰਿਆਂ ਦਾ ਨਿਰਮਾਣ, ਸਾਇੰਸ ਲੈਬ ਆਦਿ ਸਕੂਲਾਂ ਅੰਦਰ ਰਹਿੰਦੇ ਕਾਰਜ ਵੀ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਅ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ। ਸਕੂਲਾਂ ਅੰਦਰ ਭਾਰੀ ਬਦਲਾਅ ਤੋਂ ਬਾਅਦ ਲੋਕਾਂ ਦੀ ਸੋਚ ਬਦਲੀ ਹੈ ਅਤੇ ਅੱਜ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਸਿੱਖਿਆ ਵਿੱਚ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੇ ਲਈ ਵਿਦੇਸ਼ਾਂ ਵਿੱਚ ਵੀ ਭੇਜਿਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕਮੀ ਪੰਜਾਬ ਦੇ ਸਕੂਲਾਂ ਅੰਦਰ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਹੋਰ ਕਾਰਜ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੂਰੀ ਦੁਨੀਆਂ ਵਿੱਚ ਹੁਣ ਸਰਕਾਰੀ ਸਕੂਲਾਂ ਦੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਸਿੱਖਿਆ ਤੇ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਨਤੀਜੇ ਅੱਜ ਆਮ ਹੀ ਦੇਖਣ ਨੂੰ ਮਿਲ ਸਕਦੇ ਹਨ। ਕਰੋੜਾਂ ਰੁਪਏ ਦੇ ਫੰਡ ਸਿਰਫ ਸਿੱਖਿਆ ਦੇ ਖੇਤਰ ਵਿੱਚ ਜਾਰੀ ਕਰਕੇ ਪੰਜਾਬ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਗੰਭੀਰ ਹੈ।
ਇਸ ਮੌਕੇ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ ਖੰਨਾ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ, ਸਰਕਾਰੀ ਮਿਡਲ ਸਕੂਲ ਖੰਨਾ ਖੁਰਦ ਦੇ ਇੰਚਾਰਜ ਸੁਸ਼ਮਾ ਰਾਣੀ, ਹਰਕਿਰਨਜੀਤ ਕੌਰ, ਜ਼ਿਲ੍ਹਾ ਪਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਸਿੱਖਿਆ ਕੁਆਰਡੀਨੇਟਰ ਸਵਰਨ ਸਿੰਘ ਛਿੱਬਰ, ਕੌਂਸਲਰ ਸੁਖਮਨਜੀਤ ਸਿੰਘ, ਬਲਾਕ ਪ੍ਰਧਾਨ ਅਵਤਾਰ ਸਿੰਘ ਮਾਨ, ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।


