ਬਠਿੰਡਾ, 9 ਅਪ੍ਰੈਲ 2026: ਪੰਜਾਬ ਦੇ ਉਦਯੋਗਿਕ ਵਿਕਾਸ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ (ਐਚਐਮਈਐਲ) ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਰਿਫਾਇਨਰੀ ਦੇ ਵਿਸ਼ਵ-ਪੱਧਰੀ ਢਾਂਚੇ, ਮਜ਼ਬੂਤ ਸੁਰੱਖਿਆ ਸੰਸਕਾਰ ਅਤੇ ਆਧੁਨਿਕ ਤਕਨੀਕੀ ਪਹਿਲਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ। ਰਿਫਾਇਨਰੀ ਪਹੁੰਚਣ ’ਤੇ ਮੰਤਰੀ ਦਾ ਸਵਾਗਤ ਐਚਐਮਈਐਲ ਦੇ ਐਮਡੀ ਅਤੇ ਸੀਈਓ ਸ੍ਰੀ ਪ੍ਰਭ ਦਾਸ ਅਤੇ ਸੀਨੀਅਰ ਲੀਡਰਸ਼ਿਪ ਟੀਮ ਵੱਲੋਂ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਰਿਫਾਇਨਰੀ ਦੀਆਂ ਮੁੱਖ ਓਪਰੇਸ਼ਨਲ ਯੂਨਿਟਾਂ ਦਾ ਨਿਰੀਖਣ ਕੀਤਾ ਅਤੇ ਐਚਐਮਈਐਲ ਦੀ ਲੀਡਰਸ਼ਿਪ ਨਾਲ ਵਿਸਥਾਰਪੂਰਵਕ ਚਰਚਾ ਕੀਤੀ।ਇਸ ਦੌਰਾਨ ਉਨ੍ਹਾਂ ਨੂੰ ਇੱਥੇ ਵਰਤੀ ਜਾ ਰਹੀਆਂ ਅਤਿ-ਆਧੁਨਿਕ ਤਕਨੀਕਾਂ ਅਤੇ ਸਰਵੋਤਮ ਪ੍ਰਬੰਧਕੀ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਉਦਯੋਗ ਨੀਤੀ 2026 ਪੰਜਾਬ ਦੇ ਉਦਯੋਗਿਕ ਦ੍ਰਿਸ਼ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਵੱਡੇ ਪੱਧਰ ’ਤੇ ਨਿਵੇਸ਼ ਨੂੰ ਆਕਰਸ਼ਿਤ ਕਰੇਗੀ।ਉਨ੍ਹਾਂ ਨੇ ਇਹ ਵੀ ਖੁਸ਼ੀ ਪ੍ਰਗਟਾਈ ਕਿ ਐਚਐਮਈਐਲ ਸਮੂਹ ਪੰਜਾਬ ਵਿੱਚ ਸਭ ਤੋਂ ਵੱਧ ਸਿੰਗਲ-ਸਾਈਟ ਨਿਵੇਸ਼ ਕਰਨ ਵਾਲੀ ਪ੍ਰਮੁੱਖ ਕੰਪਨੀ ਹੈ, ਜਿੱਥੇ ਕੰਪਨੀ ਦਾ ਕੁੱਲ ਨਿਵੇਸ਼ ਲਗਭਗ ₹60,000 ਕਰੋੜ ਤੱਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ, ਫਾਈਨ ਕੈਮੀਕਲ ਸੈਕਟਰ ਵਿੱਚ ਐਚਐਮਈਐਲ ਵੱਲੋਂ ਹਾਲ ਹੀ ਵਿੱਚ ਐਲਾਨੇ ₹2,600 ਕਰੋੜ ਦੇ ਨਿਵੇਸ਼ ਨੂੰ ਉਨ੍ਹਾਂ ਨੇ ਸੂਬੇ ਦੀ ਉਦਯੋਗਿਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ।ਮੰਤਰੀ ਨੇ ਐਚਐਮਈਐਲ ਦੇ ਉੱਚ ਸੁਰੱਖਿਆ ਅਤੇ ਕੁਸ਼ਲਤਾ ਮਾਪਦੰਡਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੰਪਨੀ ਨੇ ਉਦਯੋਗਿਕ ਸੰਚਾਲਨ ਦੇ ਖੇਤਰ ਵਿੱਚ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਰਿਫਾਇਨਰੀ ਵਿੱਚ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਆਟੋਮੈਟਿਕ ਪ੍ਰੋਡਕਟ ਸਟੋਰੇਜ ਵੇਅਰਹਾਊਸ ਦਾ ਵੀ ਦੌਰਾ ਕੀਤਾ, ਜੋ ਲਗਭਗ 1 ਕਿਲੋਮੀਟਰ ਲੰਬਾ ਹੈ ਅਤੇ 1.5 ਲੱਖ ਟਨ ਪੋਲਿਮਰ ਸਟੋਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਪੂਰੀ ਤਰ੍ਹਾਂ ਆਟੋਮੈਟਿਕ ਅਤੇ ਮਨੁੱਖ-ਰਹਿਤ ਪ੍ਰਣਾਲੀ ਨਾਲ ਸੰਚਾਲਿਤ ਹੁੰਦਾ ਹੈ।
ਤਕਨੀਕੀ ਨਵੀਨਤਾ ਦੀ ਸਰਾਹਨਾ ਕਰਦਿਆਂ ਮੰਤਰੀ ਨੂੰ ਹਾਈਡਰੋਕਾਰਬਨ ਖੇਤਰ ਵਿੱਚ ਪਹਿਲੀ ਵਾਰ ਵਰਤੇ ਜਾ ਰਹੇ ਕਵਾਡਰੂਪੈਡ ਰੋਬੋਟਿਕ ਡਾਗ (K-9X) ਨਾਲ ਵੀ ਜਾਣੂ ਕਰਵਾਇਆ ਗਿਆ। ਇਹ ਰੋਬੋਟ ਨਿਗਰਾਨੀ, ਗੈਸ ਰਿਸਾਅ ਦੀ ਪਛਾਣ ਅਤੇ ਸੁਰੱਖਿਆ ਮਾਨੀਟਰਿੰਗ ਲਈ ਵਰਤਿਆ ਜਾਂਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਤਕਨੀਕੀ ਪਹਿਲਾਂ ਐਚਐਮਈਐਲ ਨੂੰ ਨਵਾਚਾਰ ਦਾ ਪ੍ਰਤੀਕ ਬਣਾਉਂਦੀਆਂ ਹਨ ਅਤੇ ਪੰਜਾਬ ਨੂੰ ਭਵਿੱਖ-ਕੇਂਦ੍ਰਿਤ ਉਦਯੋਗਿਕ ਰਾਜ ਵਜੋਂ ਸਥਾਪਿਤ ਕਰਦੀਆਂ ਹਨ।ਪੈਟਰੋਕੈਮਿਕਲ ਡਾਊਨਸਟ੍ਰੀਮ ਸੈਕਟਰ ਦੀਆਂ ਵੱਡੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਨਿਵੇਸ਼, ਰੋਜ਼ਗਾਰ ਸਿਰਜਣਾ ਅਤੇ ਆਰਥਿਕ ਵਿਕਾਸ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਐਚਐਮਈਐਲ ਵਰਗੀ ਵਿਸ਼ਵ-ਪੱਧਰੀ ਰਿਫਾਇਨਰੀ ਦੀ ਮੌਜੂਦਗੀ ਸਹਾਇਕ ਅਤੇ ਅਨੁਸੰਗੀ ਉਦਯੋਗਾਂ ਦੇ ਵਿਕਾਸ ਲਈ ਮਜ਼ਬੂਤ ਆਧਾਰ ਸਾਬਤ ਹੋਵੇਗੀ।ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਭਾਰਤ ਦੇ ਪ੍ਰਮੁੱਖ ਪੈਟਰੋਕੈਮਿਕਲ ਹੱਬ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਡਾਊਨਸਟ੍ਰੀਮ ਉਦਯੋਗਾਂ ਲਈ ਨਿਵੇਸ਼-ਅਨੁਕੂਲ ਵਾਤਾਵਰਣ ਤਿਆਰ ਕੀਤਾ ਜਾਵੇਗਾ।ਇਸ ਮੌਕੇ ਮੰਤਰੀ ਨੇ ਐਚਐਮਈਐਲ ਦੀਆਂ ਸੀਐਸਆਰ ਪਹਿਲਾਂ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਰਾਹੀਂ ਸਿਹਤ ਸੇਵਾਵਾਂ, ਸਿੱਖਿਆ, ਮਹਿਲਾ ਸਸ਼ਕਤੀਕਰਨ, ਹੁਨਰ ਵਿਕਾਸ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ। ਇਸ ਮੌਕੇ ਐਚਐਮਈਐਲ ਦੀ ਲੀਡਰਸ਼ਿਪ ਨੇ ਮੰਤਰੀ ਦਾ ਦੌਰੇ ਲਈ ਧੰਨਵਾਦ ਕਰਦਿਆਂ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਲਈ ਓਪਰੇਸ਼ਨਲ ਐਕਸਲੈਂਸ, ਸੁਰੱਖਿਆ ਅਤੇ ਸਸਤੇਨਬਿਲਟੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।


