ਬਠਿੰਡਾ, 8 ਅਪ੍ਰੈਲ 2026 : ਸਫਲਤਾ ਦੀ ਦਰ ਨੀਵੀਂ ਹੋਣ ਦੇ ਬਾਵਜੂਦ ਨਵੀਆਂ ਸਿਆਸੀ ਪਾਰਟੀਆਂ ਬਨਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਪੰਜਾਬ ਦੇ ਸਿਆਸੀ ਸੁਭਾਅ ਦੀ ਪੁਣਛਾਣ ਕਰਨ ਤੋਂ ਇਹ ਤੱਥ ਉੱਭਰੇ ਹਨ ਕਿ ਇੰਨ੍ਹਾਂ ਚੋਂ ਜਿਆਦਾਤਰ ਸ਼ਾਹ ਅਸਵਾਰਾਂ ਨੂੰ ਵੋਟਰਾਂ ਨੇ ਹੁੰਗਾਰਾ ਨਹੀਂ ਭਰਿਆ ਹੈੇ। ਦੇਖਿਆ ਜਾਏ ਤਾਂ ਲੰਘੇ ਡੇਢ ਦਹਾਕੇ ਦਰਮਿਆਨ ਅੱਧੀ ਦਰਜਨ ਤੋਂ ਵੱਧ ਪਾਰਟੀਆਂ ਬਣੀਆਂ ਜਿੰਨ੍ਹਾਂ ਚੋ ਸਿਰਫ ਆਮ ਆਦਮੀ ਪਾਰਟੀ ਹੀ ਕਿਸਮਤ ਦੀ ਧਨੀ ਨਿਕਲੀ ਜਿਸ ਨੂੰ ਪੰਜਾਬ ਨੇ 2022 ’ਚ ਪਲਕਾਂ ਤੇ ਬਿਠਾਇਆ । ਤਾਜਾ ਮਾਮਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਬਣਾਈ ਭਾਰਤੀਆ ਰਾਸ਼ਟਰਵਾਦੀ ਪਾਰਟੀ ਦਾ ਹੈ ਜਿਸ ਨੇ ਸਿਆਸੀ ਮੰਚ ’ਤੇ ਦਸਤਕ ਦਿੱਤੀ ਹੈ। ਹੁਣ ਜਦੋਂ ਵਿਧਾਨ ਸਭਾ ਚੋਣਾਂ ’ਚ ਮਸਾਂ ਸਾਲ ਕੁ ਬਾਕੀ ਹੈ ਤਾਂ ਨਜ਼ਰ ਸਿੱਧੂ ਜੋੜੇ ਦੇ ਪੈਂਤੜੇ ਤੇ ਟਿਕ ਗਈ ਹੈ।
ਹਾਲਾਂਕਿ ਇਹ ਪਾਰਟੀ 9 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਪਰ ਪੰਜਾਬੀ ਲਈ ਇਹ ਨਵੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਚੋਣਾਂ ਆਉਣ ’ਤੇ ਨੇਤਾ ਪੰਜਾਬ ਨਾਲ ਹੇਜ ਦਿਖਾਕੇ Ñਨਵੀਆਂ ਸਿਆਸੀ ਹੱਟੀਆਂ ਖੋਹਲਦੇ ਰਹੇ ਹਨ। ਹੁਣ ਇਸ ਮਾਮਲੇ ਨੂੰ ਸਮਝਣ ਲਈ ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ 2012 ਚੋਣਾਂ ਤੋਂ ਪਹਿਲਾਂ ਤੱਤਕਾਲੀ ਅਕਾਲੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ 27 ਮਾਰਚ 2011 ਨੂੰ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀ ਜਿਸ ਨੇ 87 ਹਲਕਿਆਂ ’ਚ ਚੋਣ ਲੜੀ ਪਰ ਨਤੀਜਾ ਜੀਰੋ ਰਿਹਾ ਸੀ। ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਨੂੰ 14 ਜਨਵਰੀ 2016 ਨੂੰ ਪਾਰਟੀ ਦਾ ਕਾਂਗਰਸ ’ਚ ਰਲੇਵਾਂ ਕਰ ਦਿੱਤਾ ਸੀ। ਇਸੇ ਤਰਾਂ ਹੀ 2017 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ 28 ਅਕਤੂਬਰ 2016 ਨੂੰ ਲੋਕ ਇਨਸਾਫ ਪਾਰਟੀ ਬਣਾਈ ਜਿਸ ਨੇ ਪੰਜ ਥਾਈਂ ਚੋਣ ਲੜੀ ਜਿਨ੍ਹਾਂ ਚੋਂ ਦੋ ’ਚ ਜਿੱਤੀ ਸੀ।ਸਿਮਰਜੀਤ ਸਿੰਘ ਬੈਂਸ ਮਗਰੋਂ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਇਸੇ ਤਰਾਂ 1 ਅਕਤੂਬਰ 2016 ਨੂੰ ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਬਣਾਈ ਜਿਸ ਨੇ 77 ਹਲਕਿਆਂ ’ਚ ਚੋਣ ਲੜੀ ਸੀ ਪਰ ਸਫਲਤਾ ਨਾਂ ਮਿਲੀ। ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ 9 ਦਿਸੰਬਰ 2021 ਨੂੰ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ । ਸਾਲ 2022 ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਨਵੰਬਰ 2021 ਨੂੰ ਪੰਜਾਬ ਲੋਕ ਕਾਂਗਰਸ ਬਣਾਈ ਜਿਸ ਨੇ 28 ਸੀਟਾਂ ’ਤੇ ਚੋਣ ਲੜੀ ਪਰ ਇੱਕ ਵੀ ਨਾਂ ਜਿੱਤ ਸਕੀ। ਕੈਪਟਨ ਨੇ 19 ਸਤੰਬਰ 2022 ਨੂੰ ਆਪਣੀ ਪਾਰਟੀਦਾ ਭਾਜਪਾ ’ਚ ਰਲੇਵਾਂ ਕਰ ਲਿਆ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ 17 ਮਈ 2021 ਨੂੰ ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਬਣਾਇਆ ਜਿਸ ਨੇ 15 ਹਲਕਿਆਂ ’ਚ ਚੋਣ ਲੜੀ ਪਰ ਜਿੱਤ ਨਸੀਬ ਨਾਂ ਹੋ ਸਕੀ।ਸੰਸਦੀ ਚੋਣਾਂ ਤੋਂ ਪਹਿਲਾਂ 5 ਮਾਰਚ 2024 ਨੂੰ ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਦਾ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ’ਚ ਰਲੇਵਾਂ ਹੋ ਗਿਆ। ਇਸ ਲੜੀ ਵਿੱਚ ਕਾਂਗਰਸੀ ਆਗੂ ਸੁਖਪਾਲ ਖਹਿਰਾ ਵੀ ਸ਼ਾਮਲ ਹੈ ਜਿਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਕੇ ‘ਪੰਜਾਬ ਏਕਤਾ ਪਾਰਟੀ ਬਣਾਈ ।
ਖਹਿਰਾ ਨੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜੀ ਪਰ ਹਾਰ ਦਾ ਮੂੰਹ ਦੇਖਣਾ ਪਿਆ। ਪੰਜਾਬ ਏਕਤਾ ਪਾਰਟੀ ਦਾ ਉਦੋਂ ਭੋਗ ਪੈ ਗਿਆ ਜਦੋਂ ਖਹਿਰਾ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ। ਟੋਟਕਿਆਂ ਨਾਲ ਲੋਕਾਂ ਨੂੰ ਕੀਲਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਦੀ ਵੀ ਇਹੋ ਹੋਣੀ ਰਹੀ ਜਿਸ ਨੇ 2007 ਵਿਧਾਨ ਸਭਾ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਈ ਪਰ ਸਿਆਸੀ ਭਲਾਈ ਨਾਂ ਹੋਈ। ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਦਾ ਅਕਾਲੀ ਦਲ ’ਚ ਰਲੇਵਾਂ ਕਰ ਲਿਆ ਜੋ ਬਹੁਤਾ ਚਿਰ ਨਾਂ ਚੱਲਿਆ ।ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਵੱਲੋਂ 2017 ’ਚ ਬਣਾਏ ‘ਪੰਜਾਬ ਮੰਚ’ ਨਾਲ ਵੀ ਇਹੋ ਭਾਣਾ ਵਰਤਿਆ ਜੋ ਉਨ੍ਹਾਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤਣ ਦੇ ਬਾਵਜੂਦ ਸਿਆਸੀ ਵਿਗਾੜ ਪੈਣ ਕਾਰਨ ਬਣਾਇਆ ਸੀ। ਸਾਲ 2018 ’ਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਬਣਿਆ ਜੋ ਸਫਲ ਨਾ ਹੋਇਆ। ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੇ ‘ਆਵਾਜ਼ ਏ ਪੰਜਾਬ’ ਫਰੰਟ ਬਣਾਇਆ ਜੋ ਕੁੱਝ ਦੇਰ ਬਾਅਦ ਫਰੰਟ ਹੋ ਗਿਆ ਅਤੇ ਦੋਨੋਂ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਲੜੀ ਤਹਿਤ 14 ਜਨਵਰੀ 2025 ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ ਹੋਂਦ ’ਚ ਆਇਆ ਜਿਸ ਨੇ ਹਾਲੇ ਕੋਈ ਸਿਆਸੀ ਇਮਤਿਹਾਨ ਪਾਸ ਨਹੀਂ ਕੀਤਾ ਹੈ। ਉਂਜ ਇਸ ਪਾਰਟੀ ਦਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਮੌਕੇ ਅਜਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਹਲਕੇ ਤੋਂ ਭਾਰੀ ਬਹੁਮੱਤ ਨਾਲ ਜਿੱਤਿਆ ਸੀ ਜੋ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੀ ਨਵਾਂ ਬਣਿਆ ਹੈ।
ਸੱਤਾ ਦੀ ਅੱਥਰੀ ਲਾਲਸਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਇਹ ਨੇਤਾਵਾਂ ਦੀਆਂ ਅੱਥਰੀਆਂ ਸਿਆਸੀ ਲਾਲਸਾਵਾਂ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਕਾਰਨ ਹੋਰ ਵੀ ਹੋ ਸਕਦੇ ਹਨ ਪਰ ਜਿਆਦਾਤਰ ਲੋਕਾਂ ਨੂੰ ਸੱਤਾ ਦਾ ਮੋਹ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਨੇਤਾਵਾਂ ਦੀਆਂ ਕਲਾਬਾਜੀਆਂ ਨੂੰ ਦੇਖਦਿਆਂ ਪੰਜਾਬੀਆਂ ਨੂੰ ਆਪਣਾ ਭਲਾ ਬੁਰਾ ਸੋਚਣਾ ਪਵੇਗਾ।


