ਜਲੰਧਰ, 4 ਅਪ੍ਰੈਲ : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਅਸਲਾ ਤਸਕਰ ਨੂੰ ਕਾਬੂ ਕਰਕੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਕਾਰਵਾਈ ਐਸ.ਪੀ. ( ਤਫਤੀਸ਼) ਵਿਨੀਤ ਅਹਿਲਾਵਤ ਅਤੇ ਡੀ.ਐਸ.ਪੀ.( ਤਫਤੀਸ਼) ਇੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ, ਜਦਕਿ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਵੱਲੋਂ ਮਹੱਤਵਪੂਰਣ ਸੂਚਨਾ ਪ੍ਰਦਾਨ ਕੀਤੀ ਗਈ।
ਇੰਸਪੈਕਟਰ ਪੁਸ਼ਪ ਬਾਲੀ ਵੱਲੋਂ ਤਿਆਰ ਕੀਤੀ ਗਈ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ. ਸਟਾਫ ਦੀ ਟੀਮ, ਜਿਸਦੀ ਅਗਵਾਈ ਏ.ਐਸ.ਆਈ. ਰਾਜਬੀਰ ਸਿੰਘ ਕਰ ਰਹੇ ਸਨ, ਵੱਲੋਂ 03.04.2026 ਨੂੰ ਥਾਣਾ ਪਤਾਰਾ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ। ਚੈਕਿੰਗ ਦੌਰਾਨ ਇੱਕ ਨੌਜਵਾਨ, ਜੋ ਬਿਨਾਂ ਨੰਬਰ ਵਾਲੇ ਮੋਟਰਸਾਈਕਲ ‘ਤੇ ਆ ਰਿਹਾ ਸੀ, ਨੇ ਪੁਲਿਸ ਨੂੰ ਦੇਖਦੇ ਹੀ ਮੁੜਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਤੁਰੰਤ ਕਾਬੂ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਉਸਨੇ ਆਪਣੀ ਪਛਾਣ ਸੂਰਜ ਕੁਮਾਰ ਉਰਫ਼ ਲਾਡੀ ਵਾਸੀ ਪਿੰਡ ਸ਼ੇਖੇਵਾਲ, ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਜੋਂ ਦੱਸੀ।
ਉਸ ਕੋਲੋਂ ਤਲਾਸ਼ੀ ਦੌਰਾਨ 3 ਪਿਸਤੌਲ .32 ਬੋਰ ਮੈਗਜ਼ੀਨਾਂ ਸਮੇਤ, 2 ਜ਼ਿੰਦਾ ਕਾਰਤੂਸ .32 ਬੋਰ, 2 ਦੇਸੀ ਕੱਟੇ .315 ਬੋਰ, 2 ਜ਼ਿੰਦਾ ਕਾਰਤੂਸ .315 ਬੋਰ (ਕੁੱਲ 5 ਪਿਸਤੌਲ ਅਤੇ 04 ਜ਼ਿੰਦਾ ਕਾਰਤੂਸ) ਅਤੇ ਇੱਕ ਮੋਟਰਸਾਈਕਲ ਬਰਾਮਦ ਹੋਏ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੇ ਸਾਥੀ ਦਵਿੰਦਰਪਾਲ ਸਿੰਘ ਉਰਫ਼ ਦੀਪੂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਮਥੁਰਾ ਖੇਤਰ ਤੋਂ ਸਸਤੇ ਭਾਅ ‘ਤੇ ਗੈਰ-ਕਾਨੂੰਨੀ ਅਸਲਾ ਅਤੇ ਗੋਲਾਬਾਰੂਦ ਖ਼ਰੀਦ ਕੇ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।
ਇਸ ਸੰਬੰਧੀ ਥਾਣਾ ਪਤਾਰਾ ਵਿੱਚ ਐਫ.ਆਈ. ਆਰ. ਨੰਬਰ 25 ਮਿਤੀ 03.04.2026 ਅਧੀਨ ਧਾਰਾਵਾਂ 25(1)(B), 25(6), 25(7)(i), 25(8), 54, 59 ਆਰਮਜ਼ ਐਕਟ ਅਤੇ ਧਾਰਾ 111 ਭਾਰਤੀ ਨਿਆਂ ਸੰਹਿਤਾ (ਬੀ ਐਨ ਐਸ) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਅਸਲਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਸਪਲਾਈ ਚੇਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਮੁਲਜ਼ਮ ਦਵਿੰਦਰਪਾਲ ਸਿੰਘ ਉਰਫ਼ ਦੀਪੂ ਅਤੇ ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਮੁਲਜ਼ਮ ਦੇ ਅੱਗੇ ਅਤੇ ਪਿੱਛੇ ਦੇ ਸਬੰਧਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੰਪਤੀ ਨੂੰ ਵੀ ਕਾਨੂੰਨ ਅਨੁਸਾਰ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਮਹੱਤਵਪੂਰਣ ਖੁਲਾਸਿਆਂ ਦੀ ਸੰਭਾਵਨਾ ਹੈ।
ਜਲੰਧਰ ਦਿਹਾਤੀ ਪੁਲਿਸ ਨੇ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵਚਨਬੱਧਤਾ ਦੁਹਰਾਈ। ਜਾਂਚ ਜਾਰੀ ਹੈ ਅਤੇ ਪੂਰੇ ਗਿਰੋਹ ਨੂੰ ਬੇਨਕਾਬ ਕਰਨ ਲਈ ਯਤਨ ਤੇਜ਼ ਕੀਤੇ ਗਏ ਹਨ।
“ਮੁਲਜ਼ਮ ਖ਼ਿਲਾਫ਼ ਪਹਿਲਾਂ ਦਰਜ ਮਾਮਲੇ:
- ਸੂਰਜ ਕੁਮਾਰ ਉਰਫ਼ ਲਾਡੀ (ਉਮਰ ਕਰੀਬ 31 ਸਾਲ)
- ਐਫ ਆਈ ਆਰ ਨੰ. 82 ਮਿਤੀ 30.05.2018 ਅਧੀਨ ਧਾਰਾਵਾਂ 323, 341, 506, 148, 149 ਆਈ ਪੀ ਸੀ, ਥਾਣਾ ਸ਼ਾਹਕੋਟ
- ਐਫ ਆਈ ਆਰ ਨੰ. 250 ਮਿਤੀ 27.10.2022 ਅਧੀਨ ਧਾਰਾਵਾਂ 22, 29 ਐਨ ਡੀ ਪੀ ਐਸ ਐਕਟ, ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ
- ਐਫ ਆਈ ਆਰ ਨੰ. 92 ਮਿਤੀ 02.10.2024 ਅਧੀਨ ਧਾਰਾ 25 ਆਰਮਜ਼ ਐਕਟ ਅਤੇ 111 ਬੀ ਐਨ ਐਸ, ਥਾਣਾ ਲੰਬੜਾ
- ਦਵਿੰਦਰਪਾਲ ਸਿੰਘ ਉਰਫ਼ ਦੀਪੂ
- ਐਫ ਆਈ ਆਰ ਨੰ. 28 ਮਿਤੀ 03.03.2022 ਅਧੀਨ ਧਾਰਾਵਾਂ 336, 324, 323, 148, 149 ਆਈ ਪੀ ਸੀ ਅਤੇ ਆਰਮਜ਼ ਐਕਟ, ਥਾਣਾ ਲੋਹੀਆਂ
- ਐਫ ਆਈ ਆਰ ਨੰ. 27 ਮਿਤੀ 03.03.2022 ਅਧੀਨ ਧਾਰਾਵਾਂ 307, 160, 148, 149 ਆਈ ਪੀ ਸੀ ਅਤੇ ਆਰਮਜ਼ ਐਕਟ, ਥਾਣਾ ਲੋਹੀਆਂ
- ਐਫ ਆਈ ਆਰ ਨੰ. 69 ਮਿਤੀ 07.06.2022 ਅਧੀਨ ਧਾਰਾਵਾਂ 195 ਏ, 212, 504, 216, 506, 148, 149 ਆਈ ਪੀ ਸੀ, ਥਾਣਾ ਲੋਹੀਆਂ


